ਕਣਕ ਖਰੀਦ ਤੇ ਰਾਹਤ ਕਾਰਜ਼ਾਂ ਨੂੰ ਦੱਸਿਆ ਮੁੱਖ ਤਰਜ਼ੀਹਾਂ
ਬਠਿੰਡਾ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਜਿਲੇ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨਾਲ ਪੰਜਵੀਂ
ਸਮੀਖਿਆ ਬੈਠਕ ਕਰਕੇ ਕੋਵਿਡ 19 ਤੋਂ ਜ਼ਿਲੇ ਨੂੰ ਬਚਾਓ ਲਈ ਕੀਤੇ ਜਾ ਰਹੇ ਉਪਰਾਲਿਆਂ, ਰਾਹਤ ਕਾਰਜਾਂ ਅਤੇ ਕਣਕ ਦੀ ਖਰੀਦ ਪ੍ਰਕਿਰਿਆ ਦੀ ਸਮੀਖਿਆ ਕੀਤੀ।
ਵਿੱਤ ਮੰਤਰੀ ਨੇ ਦੱਸਿਆ ਕਿ ਬਠਿੰਡਾ ਹਾਲੇ ਤੱਕ ਕਰੋਨਾ ਤੋਂ ਸੁਰੱਖਿਅਤ ਹੈ ਅਤੇ ਇਸ ਦਾ ਸਿਹਰਾ ਇਥੋਂ ਦੇ ਸਮੂਹ ਲੋਕਾਂ ਨੂੰ ਜਾਂਦਾ ਹੈ।ਜਿੰਨਾਂ ਨੇ ਸਰਕਾਰ ਦੀਆਂ ਘਰ ਰਹਿਣ ਦੀ ਹਦਾਇਤਾਂ ਦਾ ਪਾਲਣ ਕੀਤਾ ਅਤੇ ਮਾਨਵਤਾ ਤੇ ਆਏ ਇਸ ਸੰਕਟ ਵਿਚ ਆਪਣੇ ਜਿਲੇ ਨੂੰ ਹਾਲੇ ਤੱਕ ਬਚਾਈ ਰੱਖਿਆ ਹੈ।ਉਨਾਂ ਨੇ ਲੋਕਾਂ ਨੂੰ ਕੁੱਝ ਦਿਨ ਹੋਰ ਇਸੇ ਤਰਾਂ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ।
ਬਾਦਲ ਨੇ ਕਿਹਾ ਕਿ ਇਸ ਸਮੇਂ ਕਣਕ ਦੀ ਨਿਰਵਿਘਨ ਖਰੀਦ ਅਤੇ ਕੋਵਿਡ ਰਾਹਤ ਕਾਰਜ ਸਰਕਾਰ ਦੀਆਂ ਤਰਜ਼ੀਹਾਂ ਹਨ।ਉਨਾਂ ਨੇ ਨਿਰਦੇਸ਼ ਦਿੱਤੇ ਕਿ ਕਣਕ ਦੇ ਮੰਡੀਕਰਨ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।ਕਿਸਾਨ ਕਿਸੇ ਘਬਰਾਹਟ ਵਿੱਚ ਨਾ ਆਉਣ ਅਤੇ ਸਰਕਾਰ ਵਲੋਂ ਕਣਕ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ।ਪ੍ਰਸ਼ਾਸਨ ਨੂੰ ਇਹ ਵੀ ਹੁਕਮ ਦਿੱਤੇ ਕਿ ਸਾਉਣੀ ਦੀਆਂ ਫਸਲਾਂ ਲਈ ਕਿਸਾਨਾਂ ਨੂੰ ਬੀਜ਼ ਅਤੇ ਖਾਦਾਂ ਦੀ ਉਪਲੱਬਧਤਾ ਸਮੇਂ ਸਿਰ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਕਿਹਾ ਕਿ ਇਸ ਵਾਰ ਪਿੱਛਲੇ ਸਾਲਾਂ ਦੇ ਮੁਕਾਬਲੇ ਇਸ ਸਮੇਂ ਤੱਕ ਜਿਆਦਾ ਖਰੀਦ ਹੋਈ ਹੈ।ਹੁਣ ਤੱਕ ਜ਼ਿਲੇ ਵਿਚ 3.15 ਲੱਖ ਮੀਟ੍ਰਿਕ ਟਨ ਦੀ ਰਿਕਾਰਡ ਖਰੀਦ ਹੋ ਚੁੱਕੀ ਹੈ। ਐਸ.ਐਸ.ਪੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਆਉਣ ਵਾਲੇ ਲੋਕਾਂ ਦੀ ਪੂਰੀ ਸਕਰੀਨਿੰਗ ਹੋ ਰਹੀ ਹੈ ਅਤੇ ਈ-ਪਾਸ ਧਾਰਕਾਂ ਨੂੰ ਹੀ ਆਉਣ ਦਿੱਤਾ ਜਾ ਰਿਹਾ ਹੈ।
ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੁਣ ਤੱਕ 10,34,234 ਪੱਕੇ ਹੋਏ ਭੋਜਨ ਦੇ ਪੈਕਟ ਤਕਸੀਮ ਕੀਤੇ ਗਏ ਹਨ।ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ 50 ਵਾਰਡਾਂ ਵਿੱਚ ਸੈਨੇਟਾਈਜਰ ਦਾ ਛਿੜਕਾਅ ਇਕ ਵਾਰ ਕਰਵਾਉਣ ਤੋਂ ਬਾਅਦ ਹਾਲੇ ਤੱਕ ਜ਼ਿਲੇ ਵਿਚ ਕੋਈ ਵੀ ਕਰੋਨਾ ਮਰੀਜ ਨਹੀਂ ਹੈ।ਬੈਠਕ ਵਿਚ ਐਸ.ਡੀ.ਐਮ ਅਮਰਿੰਦਰ ਸਿੰਘ ਟਿਵਾਣਾ ਵੀ ਹਾਜ਼ਰ ਸਨ।
Punjab Post Daily Online Newspaper & Print Media