ਪੰਜਾਬ ਸਰਕਾਰ ਤੇ ਇਲਾਜ਼ ਕਰ ਰਹੇ ਡਾਕਟਰਾਂ ਦੀ ਟੀਮ ਦਾ ਕੀਤਾ ਧੰਨਵਾਦ
ਪਟਿਆਲਾ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਟਿਆਲਾ ਦਾ ਦੂਸਰਾ ਕੋਵਿਡ-19 ਪਾਜ਼ਿਟਿਵ ਵਿਅਕਤੀ ਸਰਕਾਰੀ ਰਜਿੰਦਰਾ ਹਸਪਤਾਲ ਵਿਚੋਂ ਸਿਹਤਯਾਬ ਹੋ
ਕੇ ਆਪਣੇ ਘਰ ਚਲਾ ਗਿਆ।ਸਿਵਲ ਲਾਈਨ ਇਲਾਕੇ `ਚ ਰਹਿਣ ਵਾਲੇ ਇਸ 42 ਸਾਲਾ ਵਿਅਕਤੀ ਨੇ ਆਪਣੀ ਸਿਹਤਯਾਬੀ ਲਈ ਜਿਥੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਇਲਾਜ ਪ੍ਰਬੰਧਾਂ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ, ਉਥੇ ਹੀ ਸਰਕਾਰੀ ਰਜਿੰਦਰਾ ਹਸਪਤਾਲ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਤੇ ਪੈਰਾ ਮੈਡੀਕਲ ਅਮਲੇ ਦਾ ਵੀ ਵਿਸ਼ੇਸ਼ ਸ਼ੁਕਰੀਆ ਅਦਾ ਕੀਤਾ ਹੈ।
ਰਜਿੰਦਰਾ ਹਸਪਤਾਲ ਦੇ ਸਰਜਰੀ ਵਿਭਾਗ ਦੇ ਮੁਖੀ ਡਾ. ਅਸ਼ਵਨੀ ਕੁਮਾਰ, ਆਰਥੋਪੀਡਿਕਸ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ, ਮੈਡੀਸਨ ਦੇ ਡਾ. ਆਰ.ਪੀ.ਐਸ ਸਿਬੀਆ, ਚੈਸਟ ਤੇ ਟੀਬੀ ਦੇ ਮਾਹਰ ਡਾ. ਵਿਸ਼ਾਲ ਚੋਪੜਾ ਅਤੇ ਮੈਡੀਸਨ ਦੇ ਮਾਹਰ ਡਾ. ਸਚਿਨ ਕੌਸ਼ਲ ਨੇ ਇਸ ਨੂੰ ਸ਼ੁਭ ਇਛਾਵਾਂ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਿਆਂ ਵਿਦਾ ਕੀਤਾ।
ਡਾ. ਸਚਿਨ ਕੌਸ਼ਲ ਨੇ ਦੱਸਿਆ ਕਿ ਅੱਜ ਇਸ ਵਿਅਕਤੀ ਦਾ ਦੂਸਰਾ ਕੋਵਿਡ-19 ਟੈਸਟ ਨੈਗੇਟਿਵ ਆਉਣ ਮਗਰੋਂ ਉਸਨੂੰ ਰਜਿੰਦਰਾ ਹਸਪਤਾਲ ਵਿੱਚੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ ਅਤੇ ਹੁਣ ਉਹ ਅਗਲੇ 14 ਦਿਨ ਆਪਣੇ ਘਰ ਵਿੱਚ ਹੀ ਇਕਾਂਤਵਾਸ ਰਹੇਗਾ।
Punjab Post Daily Online Newspaper & Print Media