ਕਿਹਾ ਵਾਹਿਗੁਰੂ ਲੋਕਾਈ ਨੂੰ ਮਹਾਂਮਾਰੀ ਤੋਂ ਬਚਾਏ
ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਮਹਾਂਮਾਰੀ ਦਾ ਵਿਗਿਆਨ ਕੋਲ ਅਜੇ ਤੱਕ ਕੋਈ ਡਾਕਟਰੀ ਇਲਾਜ਼ ਨਹੀਂ ਹੈ।ਉਸ ਤੋਂ ਕੇਵਲ ਵਾਹਿਗੁਰੂ ਹੀ ਲੋਕਾਈ ਨੂੰ ਬਚਾਅ ਸਕਦਾ ਹੈ।ਉਕਤ ਸਬਦਾਂ ਦਾ ਪ੍ਰਗਟਾਵਾ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਰਬਤ ਦੇ ਭਲੇ ਦੀ ਅਰਦਾਸ ਕਰਨ ਲਈ ਸ੍ਰੀ ਗੁਰੁ ਰਾਮਦਾਸ ਜੀ ਦੇ ਚਰਨਾਂ ਵਿਚ ਹਾਜ਼ਰ ਹੋਏ ਹਨ।ਉਨਾਂ 2 ਘੰਟੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਬਤੀਤ ਕੀਤੇ। ਇਸ ਸਮੇਂ ਨਾਲ ਕਾਂਗਰਸ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਵੀ ਮੌਜੂਦ ਰਹੇ।ਉਨਾਂ ਨੇ ਦੁੱਖ ਭੰਜਨੀ ਬੇਰੀ ਹੇਠ ਇਸ਼ਨਾਨ ਕੀਤਾ, ਕੜਾਹ-ਪ੍ਰਸ਼ਾਦ ਦੀ ਦੇਗ ਕਰਵਾਈ, ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਸਰਬਤ ਦੇ ਭਲੇ ਦੀ ਅਰਦਾਸ ਕੀਤੀ।ਉਨਾਂ ਨੇ ਕਰੀਬ ਇਕ ਘੰਟਾ ਹਾਜ਼ਰੀ ਭਰ ਕੇ ਇਲਾਹੀ ਕੀਰਤਨ ਵੀ ਸਰਵਣ ਕੀਤਾ।ਰੰਧਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ।
ਮੰਤਰੀ ਰੰਧਾਵਾ ਨੇ ਕਿਹਾ ਕਿ ਜਦੋਂ ਦਵਾ ਕੰਮ ਨਾ ਕਰੇ ਤਾਂ ਦੁਆ ਕੰਮ ਕਰਦੀ ਹੈ।ਉਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਮਾਨਸਿਕ ਸਕੂਨ ਮਿਲਿਆ ਹੈ, ਪਰ ਕਰਫਿਊ ਕਾਰਨ ਸੰਗਤ ਦੀ ਘਾਟ ਵੀ ਮਨ ਨੂੰ ਮਹਿਸੂਸ ਹੋਈ।ਉਨਾਂ ਅਰਦਾਸ ਕੀਤੀ ਕਿ ਵਾਹਿਗੁਰੂ ਕਰੇ ਕਿ ਛੇਤੀ ਹੀ ਮੁੜ ਪਹਿਲਾਂ ਦੀ ਤਰਾਂ ਰੌਣਕ ਲੱਗੇ ਤੇ ਸੰਗਤ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ।