Sunday, June 15, 2025
Breaking News

ਮਾਲਵੇ ਦਾ ਕਵੀਸ਼ਰੀ ਜੱਥਾ ਭਾਈ ਕ੍ਰਿਸ਼ਨ ਸਿੰਘ ਨਰਮਾਣਾ

            ਕਵੀਸ਼ਰ ਭਾਈ ਕ੍ਰਿਸ਼ਨ ਸਿੰਘ ਦਾ ਜਨਮ 21 ਫਰਵਰੀ 1968 ਨੂੰ ਮਾਤਾ ਵਿਦਿਆ ਦੇਵੀ ਦੀ ਕੁੱਖੋਂ ਪਿਤਾ ਸਾਧੂ ਰਾਮ ਦੇ ਗ੍ਰਹਿ ਪਿੰਡ ਨਰਮਾਣਾ ਜਿਲ੍ਹਾ Kavisherਪਟਿਆਲਾ ਵਿਖੇ ਹੋਇਆ।ਆਪ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਸਰਕਾਰੀ ਹਾਈ ਸਕੂਲ ਬਨੋਰਾ ਖੁਰਦ ਤੋਂ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ।ਪੜ੍ਹਾਈ ਦੇ ਨਾਲ-ਨਾਲ ਗਾਉਣ ਦਾ ਸ਼ੌਂਕ ਰੱਖਦੇ ਇਨ੍ਹਾਂ ਦੇ ਪਿਤਾ ਜੀ ਨੇ ਕਵੀ ਪੰਡਿਤ ਮਿਲਖ ਰਾਜ ਪਾਸੋਂ ਆਪ ਨੂੰ ਸਿੱਖਿਆ ਦਿਵਾਉਣੀ ਸ਼ੁਰੂ ਕਰ ਦਿੱਤੀ।ਭਾਵੇਂ ਭਾਈ ਕ੍ਰਿਸ਼ਨ ਸਿੰਘ, ਪੰਡਿਤ ਮਿਲਖ ਰਾਜ ਦੀ ਬਹੁਤੀ ਸੰਗਤ ਨਾ ਕਰ ਸਕੇ, ਪਰ ਕਵੀਸ਼ਰੀ ਦੀ ਚੇਟਕ ਜਰੂਰ ਲੱਗ ਗਈ, ਜੋ ਅੱਗੇ ਜਾ ਕੇ ਆਪ ਦੀ ਵਿਲੱਖਣ ਥਾਂ ਸਥਾਪਿਤ ਕਰਨ ’ਚ ਸਹਾਈ ਹੋਈ।ਪੜ੍ਹਾਈ ਪੂਰੀ ਕਰਨ ਉਪਰੰਤ ਆਪ ਖਰਾਦ ਦਾ ਕੰਮ ਸਿੱਖਣ ਲੱਗ ਪਏ, ਦੋ ਕੁ ਸਾਲ ਬਾਅਦ ਹੀ ਆਪ ਨੇ ਇਹ ਕੰਮ ਛੱਡ ਦਿੱਤਾ ਤੇ ਫਿਰ ਟਰੱਕਾਂ ਨੂੰ ਬਾਡੀਆਂ ਲਗਾਉਣ ਦਾ ਕੰਮ ਸਿੱਖਣ ਲੱਗ ਪਏ ਤੇ ਕਵੀਸ਼ਰੀ ਨਾਲ ਵੀ ਲਗਾਅ ਰੱਖਿਆ।ਇਥੋਂ ਹੀ ਵਰਕਸ਼ਾਪ ਦੇ ਮਾਲਕ ਸੰਤ ਸਿੰਘ ਸੋਹਲ ਤੋਂ ਮਿਲੀ ਹੱਲਾਸ਼ੇਰੀ ਸਦਕਾ ਆਪ ਨੇ ਆਪਣੇ ਛੋਟੇ ਸਕੇ ਭਰਾ ਕਵੀਸ਼ਰ ਭਾਈ ਜਗਤਾਰ ਸਿੰਘ ਤੇ ਪਿੰਡ ਕੈਦੂਪੁਰ ਦੇ ਕਵੀਸ਼ਰ ਭਾਈ ਨਛੱਤਰ ਸਿੰਘ ਜਿਹੇ ਨਾਮੀ ਕਵੀਸ਼ਰਾਂ ਨਾਲ ਮਿਲ ਕੇ ਆਪਣਾ ਜਥਾ ਬਣਾ ਲਿਆ।ਫਿਰ ਆਪ ਨੇ ਕਵੀਸ਼ਰ ਫਕੀਰ ਮੁਹੰਮਦ ਫੱਕਰ ਨੂੰ ਆਪਣਾ ਉਸਤਾਦ ਧਾਰਿਆ ਅਤੇ ਉਨ੍ਹਾਂ ਦੇ ਨਾਲ ਰਹਿ ਕੇ ਛੰਦਬੰਦੀ ਦੀਆਂ ਬਰੀਕੀਆਂ, ਇਤਿਹਾਸ ਦੀ ਸੂਝ-ਬੂਝ ਅਤੇ ਸਟੇਜ ’ਤੇ ਬੋਲਣ ਦੇ ਢੰਗ ਸਿੱਖੇ।
                 ਇਸ ਤੋਂ ਬਾਅਦ ਆਪ ਨੇ ਭਾਈ ਨਛੱਤਰ ਸਿੰਘ ਅਤੇ ਸਕੇ ਭਰਾ ਭਾਈ ਜਗਤਾਰ ਸਿੰਘ ਨਾਲ ਮਿਲ ਕੇ ਆਪਣਾ ਜਥਾ ਬਣਾਇਆ।ਇਸ ਜਥੇ ਨੂੰ ਸੰਗਤਾਂ ਦਾ ਭਰਵਾ ਪਿਆਰ ਮਿਲਿਆ, ਜਿਸ ਕਾਰਨ ਇਸ ਜਥੇ ਨੇ ਪੰਜਾਬ ਦੇ ਵੱਖ-ਵੱਖ ਸਥਾਨਾਂ ’ਤੇ ਹੋਏ ਸਮਾਗਮਾਂ ਵਿਚ ਆਪਣੀ ਹਾਜ਼ਰੀ ਲਗਵਾਈ।1997 ਵਿਚ ਆਪ ਤੇ ਆਪ ਦਾ ਛੋਟਾ ਭਰਾ ਜਗਤਾਰ ਸਿੰਘ ਪ੍ਰਸਿੱਧ ਕਵੀਸ਼ਰ ਨਸੀਬ ਚੰਦ ਪਾਤੜਾਂ ਦੀ ਅਗਵਾਈ ’ਚ ਗਾਉਣ ਲੱਗੇ ਪਏ ਤੇ ਲਗਾਤਾਰ ਦਸ ਸਾਲ ਉਨ੍ਹਾਂ ਦੀ ਅਗਵਾਈ ’ਚ ਗਾਉਂਦੇ ਰਹੇ।2007 ਵਿੱਚ ਆਪ ਦਾ ਛੋਟਾ ਭਰਾ ਭਾਈ ਜਗਤਾਰ ਸਿੰਘ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਿਆ।ਫਿਰ ਆਪ ਦਾ ਸਾਥ ਭਾਈ ਅਮਰਜੀਤ ਸਿੰਘ ਕੱਕੜਵਾਲ ਦੇਣ ਲੱਗ ਪਿਆ।2011 ਵਿੱਚ ਆਪ ਨੇ ਆਪਣਾ ਜਥਾ ਤਿਆਰ ਕਰ ਲਿਆ, ਜਿਨ੍ਹਾਂ ਵਿੱਚ ਭਾਈ ਮੇਵਾ ਸਿੰਘ ਪਾਲੀਆਂ ਕਲਾਂ ਅਤੇ ਭਾਈ ਸੁਖਦੇਵ ਸਿੰਘ ਗੋਬਿੰਦਪੁਰਾ ਜਥੇ ਦੇ ਸਾਥੀ ਸਨ।ਜਥੇ ਨੇ ਕਵੀਸ਼ਰੀ ਦੇ ਖੇਤਰ ’ਚ ਸਥਾਪਤੀ ਵੱਲ੍ਹ ਕਦਮ-ਦਰ-ਕਦਮ ਵਧਾਏ ਤੇ ਪੰਜਾਬ ’ਚ ਹੀ ਨਹੀਂ ਬਲਕਿ ਭਾਰਤ ਦੀਆਂ ਵੱਖ-ਵੱਖ ਸਟੇਟਾਂ ‘ਤੇ ਜਾ ਕੇ ਧਾਰਮਿਕ ਤੇ ਸੱਭਿਆਚਾਰਕ ਸਟੇਜ਼ਾਂ ’ਤੇ ਹਾਜ਼ਰੀ ਭਰੀ ਤੇ ਆਪਣੀ ਇਕ ਨਿਵੇਕਲੀ ਪਹਿਚਾਣ ਬਣਾਈ।ਇਸ ਦੇ ਨਾਲ ਦੂਰਦਰਸ਼ਨ ਕੇਂਦਰ ਜਲੰਧਰ ਤੇ ਐਫ.ਐਮ ਰੇਡੀਓ ਪਟਿਆਲਾ ਦੇ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਿਆ।
             ਸੰਗੀਤਕ ਕੰਪਨੀਆਂ ਨੇ ਉਨ੍ਹਾਂ ਦੀਆਂ ਕੱਝ ਕੈਸਿਟਾਂ ਵੀ ਜਾਰੀ ਕੀਤੀਆਂ ਹਨ।ਜਿਨ੍ਹਾਂ ’ਚ ਅਣਖੀ ਸੂਰਮਾ ਭਗਤ ਸਿੰਘ, ਧੰਨਾ ਭਗਤ, ਪੁੱਤਾਂ ਨੂੰ ਸਮੈਕ ਖਾ ਗਈ, ਰਾਜਾ ਜਗਦੇਵ, ਧਰੂ ਭਗਤ, ਪੰਜਾਬ ਉਜੜਦਾ ਜਾਂਦਾ ਏ, ਸੁੱਚਾ ਸੂਰਮਾ, ਬਾਬੇ ਕਸਰ ਮਸਰ ਨੀ ਛੱਡਦੇ, ਬਾਬਾ ਬੰਦਾ ਸਿੰਘ ਬਹਾਦਰ, ਰੂਪ ਬਸੰਤ, ਮਹਾਰਾਣੀ ਜ਼ਿੰਦਾਂ ਆਦਿ ਮਾਰਕਿਟ ਵਿਚ ਆ ਚੁੱਕੀਆਂ ਹਨ।ਭਾਈ ਕ੍ਰਿਸ਼ਨ ਸਿੰਘ ਨਰਮਾਣਾ ਦੇ ਕਵੀਸ਼ਰੀ ਜਥੇ ਵੱਲੋਂ ਸਟੇਜ਼ਾਂ ’ਤੇ ਪੇਸ਼ ਕੀਤੀਆਂ ਜਾਂਦੀਆਂ ਸਮਾਜਿਕ ਕੁਰੀਤੀਆਂ ਵਾਲੀਆਂ ਤੇ ਹੋਰ ਕਵਿਤਾਵਾਂ ਜਿਨ੍ਹਾਂ ਨੇ ਲੋਕਾਂ ਨੂੰ ਖਾਸਾ ਪ੍ਰਭਾਵਿਤ ਕੀਤਾ।ਉਨ੍ਹਾਂ ਵਿਚ ਪ੍ਰਮੁੱਖ ਹਨ, “ਕਰਕੇ ਐਡੇ ਪਾਪ ਪਾਪਣਾਂ ਜ਼ਿੰਦਗੀ ਭਰ ਪਛਤਾਉਣਗੀਆਂ, ਧੀਆਂ ਨੂੰ ਜੇ ਮਾਰੋਗੇ ਤਾਂ ਨੂੰਹਾਂ ਕਿਥੋਂ ਆਉਣਗੀਆਂ”, “ਐਸਾ ਗੀਤ ਗਾਓ ਵੀਰੋ ਗਾਉਣ ਵਾਲਿਓ, ਜਿਹੜਾ ਅਸਲੀ ਕਿਸਾਨ ਦੀ ਕਹਾਣੀ ਦੱਸਦੇ”, “ਤੇਰੀ ਜ਼ਿੰਦਗੀ ਦਾ ਡਾਹਢੇ ਹੱਥ ਰਿਮੋਟ”, “ਔਰਤ ਦੀ ਜਾਤੀ ਦਾ ਮੁੱਢ ਤੋਂ ਸ਼ੋਸ਼ਣ ਹੁੰਦਾ ਆਇਐ”, “ਖਸਖਸ ਦੀ ਖੇਤੀ ਕਰਵਾ ਦੇ, ਸਮੇਂ ਦੀਏ ਸਰਕਾਰੇ”, “ਖਰਚ ਕਰੂੰਗਾ ਜੇਹੜਾ ਵੋਟ ਓਸਨੂੰ ਪਾਵਾਂਗੇ”, “ਅਮਲੀ ਦੀ ਘਰਵਾਲੀ ਨਾਲ ਨੋਕ ਝੋਕ”, “ਮੈਂ ਦੇਖੇ ਨੇ ਮਾਂਜੇ ਹੋਏ ਬਾਬਿਆਂ ਦੇ”, “ਜੇ ਤੂੰ ਲੈਣਾ ਏਸ ਜ਼ਿੰਦ ਦਾ ਏ ਨਜ਼ਾਰਾ, ’ਗੂਠਾ ਖਾਲੀ ਪਰਨੋਟ ਉੱਤੇ ਲਾਈ ਨਾ”, “ਅੱਗ ਵਰਗਾ ਰੰਗ ਮੇਰਾ, ਮੈਂ ਅੱਗ ਵਾਗੂੰ ਫੂਕ ਦੀ ਆਂ”, “ਪੁੱਤਾਂ ਨੂੰ ਸਮੈਕ ਖਾ ਗਈ, ਧੀਆਂ ਕੁੱਖ ’ਚ ਮਰਾਉਂਦੇ ਮਾਪੇ”, “ਬੇਪੱਤ ਕੀਤਾ ਮੈਨੂੰ ਆਪਣੀ ਔਲਾਦ ਨੇ, ਕਿਹੜੇ ਹਾਲੀਂ ਜੀਵਾਂ ਮੈਨੂੰ ਪਲ ਪਲ ਯਾਦ ਨੇ”, “ਹਾੜ੍ਹਾ ਹਿੰਦ-ਪਾਕ ਦਿਓ ਹਾਕਮੋਂ, ਜੰਗ ਦੀਆਂ ਨਾ ਕਰੋ ਤਿਆਰੀਆਂ”, “ਰੰਗਲਾ ਪੰਜਾਬ ਰੱਖ ’ਤਾ ਉਜਾੜ ਕੇ ਬੇਈਮਾਨ ਚਿੱਟਿਆ”, “ਮੇਰ ਰੋ ਪਿਆ ਪੰਜਾਬ, ਭੁੱਬਾਂ ਮਾਰ-ਮਾਰ ਕੇ”, “ਸੋਹਣੀ ਪੱਗ ਬੰਨ੍ਹ ਵੀਰਨਾ”, “ਜੀਹਨੂੰ ਰੰਗਲਾ ਪੰਜਾਬ ਕਹੀ ਜਾਂਦੇ ਨੇ, ਸਾਨੂੰ ਆਉਂਦਾ ਨੀ ਨਜ਼ਰ ਕਿਤੇ ਹੱਸਦਾ।” ਇਹ ਸਾਰੀਆਂ ਲਿਖਤਾਂ ਕਵੀਸ਼ਰ ਪੰਡਿਤ ਮੁਖ ਰਾਮ, ਫਕੀਰ ਮੁਹੰਮਦ ਫੱਕਰ, ਮਿਲਖ ਰਾਜ ਨਰਮਾਣਾ, ਜੋਰਾ ਸਿੰਘ ਬਾਸੀਅਰਕ, ਭੰਗੂ ਫਲੇੜੇ ਵਾਲਾ, ਹਰਪਾਲ ਸ਼ਮਲਾ, ਟਹਿਲ ਸਿੰਘ ਬਾਰਨ ਆਦਿ ਕਵੀਆਂ ਦੀਆਂ ਲਿਖੀਆਂ ਹੋਈਆਂ ਹਨ।
              ਅੱਜਕੱਲ੍ਹ ਉਸਦੇ ਜਥੇ ਵਿਚ ਭਾਈ ਮੇਵਾ ਸਿੰਘ ਪਾਲੀਆਂ ਕਲਾਂ, ਭਾਈ ਹਾਕਮ ਸਿੰਘ ਉਂਭਾ, ਭਾਈ ਜੀਤ ਸਿੰਘ ਗਾਮੀਵਾਲਾ ਸ਼ਾਮਲ ਹਨ, ਜੋ ਇਸ ਕਲਾ ਨੂੰ ਜਿਉਂਦਾ ਰੱਖਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।ਬੜੇ ਹੀ ਮਿਲਾਪੜੇ ਸੁਭਾਅ ਦੇ ਮਾਲਕ, ਅਗਾਂਹਵਧੂ ਸੋਚ ਦੇ ਧਾਰਨੀ ਅਤੇ ਸਭ ਦਾ ਦਿਲੋਂ ਸਤਿਕਾਰ ਕਰਨ ਵਾਲੇ ਭਾਈ ਕ੍ਰਿਸ਼ਨ ਸਿੰਘ ਨਰਮਾਣਾ ਦਾ ਕਈ ਸੰਸਥਾਵਾਂ ਵੱਲੋਂ ਸਨਮਾਨ ਵੀ ਕੀਤਾ ਗਿਆ ਹੈ।ਪਿੰਡ ਬੱਧਨੀ ਕਲਾਂ ਵਿਖੇ ਇਸ ਜੱਥੇ ਨੂੰ 8 ਵਾਰ ਸਨਮਾਨਿਆ ਗਿਆ ਹੈ।ਏਨੀ ਵੱਡੀ ਸਫਲਤਾ ਦੇ ਪਿੱਛੇ ਉਹ ਆਪਣੇ ਗੁਰੂ ਦੀ ਕਿਰਪਾ, ਉਸਤਾਦ ਸਹਿਬਾਨਾਂ ਅਤੇ ਸੰਗਤ ਦੀ ਬਖਸ਼ਿਸ਼ ਮੰਨਦੇ ਹਨ।

Taswinder S

 

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।
ਮੋਬਾ÷75279-31887

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …