ਅਛੂਤ ਹੈਂ ਤੂੰ ਵੀ, ਅਛੂਤ ਬਣੀ ਅੱਜ ਦੁਨੀਆਂ ਸਾਰੀ,
ਕਿਸ ਤੋਂ ਭੱਜੀਏ ਕਿਸ ਤੋਂ ਬਚੀਏ, ਅਕਲ ਗਈ ਹੈ ਸਭ ਦੀ ਮਾਰੀ।
ਜਾਤ ਪਾਤ ਨਾ ਰੰਗ ਨਾ ਰੂਪ, ਨਾ ਧਰਮਾਂ ਦਾ ਕੋਈ ਬਾਵੇਲਾ,
ਸਭ ਦੀਆਂ ਜੀਭਾਂ ਨੂੰ ਲੱਗੇ ਤਾਲੇ, ਜੋ ਪਾਉਂਦੇ ਨਿੱਤ ਨਵਾਂ ਝਮੇਲਾ।
ਨਜ਼ਰਾਂ ਨੂੰ ਐਸੀ ਨਜ਼ਰ ਹੈ ਲੱਗੀ, ਹਰ ਕੋਈ ਹਰੇਕ ਤੋਂ ਨਜ਼ਰ ਚੁਰਾਵੇ,
ਛੱਡ ਰਸਤਾ ਇੱਕ ਪਾਸੇ ਹੋਵੇ, ਬੰਦਾ ਬੰਦੇ ਨੂੰ ਪਿੱਠ ਦਿਖਾਵੇ।
ਹਰ ਰਸਤਾ ਅੱਜ ਸੁੰਨਾ ਹੋਇਆ, ਉਜਾੜ ਨੇ ਗਹਿਮਾ ਗਹਿਮ ਚੁਰਾਹੇ,
ਰਾਹਗੀਰ ਸਭ ਸੁਪਨੇ ਹੋ ਗਏ, ਘੁੰਮਦੇ ਸਨ ਜੋ ਬੇਪਰਵਾਹੇ।
ਕੌਣ ਹੈਂ ਤੂੰ ਮੈਨੂੰ ਸਮਝ ਨਾ ਆਵੇ, ਆਪਣਾ ਆਪ ਵੀ ਭੁੱਲਦਾ ਜਾਂਦਾ,
ਕੋਈ ਨਹੀਂ ਹੁਣ ਆਪਣਾ ਦਿਸਦਾ, ਸੋਚ-ਸੋਚ ਹੈ ਦਿਲ ਘਬਰਾਉਂਦਾ।
ਮੈਥੋਂ ਦੂਰ ਹੀ ਰਹਿ ਤੂੰ ਸੱਜਣਾ, ਨਾ ਛੂਹੇ ਮੈਨੂੰ ਤੇਰਾ ਪਰਛਾਵਾਂ,
ਸਾਹਮਣੇ ਆਉਣਾ ਇੱਕ ਮਿੱਕ ਹੋਣਾ, ਲੱਗਦੈ ਹੁਣ ਨਹੀਂ ਤੈਨੂੰ ਭਾਉਣਾ।
ਹੱਸ ਕੇ ਤੱਕਣਾ ਧਾਅ ਕੇ ਮਿਲਣਾ, ਇਹ ਸਭ ਨੇ ਹੁਣ ਕੱਲ ਦੀਆਂ ਗੱਲਾਂ,
ਦੁੱਖ ਦਰਦ ਤੇ ਹਮਦਰਦੀ ਲੱਭਦੈਂ, ਕਿਉਂ ਮਾਰਦੈਂ ਐਵੇਂ ਝੱਲ ਵਲੱਲਾਂ?
ਮੇਰਾ ਤੇਰਾ ਕੋਈ ਨਾ ਰਿਸ਼ਤਾ, ਪਿਆਰ ਵਿਆਰ ਸਭ ਖੋਟੇ ਹੋ ਗਏ,
ਗਲਵਕੜ ਹੋਣ ਵਾਲੀਆਂ ਬਾਹਾਂ ਦੇ, ਸ਼ਰੇਆਮ ਅੱਜ ਟੋਟੇ ਹੋ ਗਏ।
ਨਾ ਤੂੰ ਮੇਰੀ ਖਬਰ ਨੂੰ ਆਵੀਂ, ਨਾ ਤੂੰ ਮੇਰਾ ਮੂੰਹ ਹੁਣ ਦੇਖੀਂ,
ਚਿਤਾ ਨੁੰ ਮੇਰੀ ਅੱਗ ਨਾ ਦੇਵੀਂ, ਭਟਕੀਂ ਨੇੜੇ ਨਾ ਭੁੱਲ ਭੁਲੇਖੀਂ।
ਕਰਮ ਤੇਰਾ ਹੁਣ ਥੂ-ਥੂ ਕਰਨਾ, ਸ਼ੱਕ ਨਾਲ ਹੁਣ ਮੈਨੂੰ ਤੱਕਣਾ,
ਮੇਰੀ ਹਵਾ ਤੋਂ ਵੀ ਘਬਰਾਵੀਂ, ਕਹੀਂ ਨਾ ਮੈਨੂੰ ਕਦੀ ਵੀ ਆਪਣਾ ।
ਦਕੀਆਨੂਸ ਪੁਰਾਣੇ ਤਰਕਾਂ ਨੂੰ, ਸੁੱਟ ਕਿਤੇ ਅੱਜ ਖੂਹ ਤੇ ਖਾਤੇ ,
ਭੈਣ-ਭਰਾ ਮਾਂ-ਬਾਪ ਸਬੰਧੀ, ਤੋੜ ਦੇ ਸਾਰੇ ਝੂਠ ਦੇ ਨਾਤੇ।
ਮੈਂ ਤੇ ਸਿਰਫ ਮੈਂ ਹੀ ਹਾਂ, ਮੈਥੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ,
ਕਹਿਣ ਨੂੰ ਭਾਵੇਂ ਕੁੱਝ ਵੀ ਕਹਿ ਤੂੰ, ਸੱਚੋ ਸੱਚੀਂ ਕੌਣ ਹੈ ਕਿਸਦਾ?
ਰੱਬ ਵੀ ਅੱਜ ਕੋਈ ਸਾਰ ਨੀਂ ਲੈਂਦਾ, ਛੂਤ-ਛਾਤ ਨਾਲ ਭਰਿਆ ਪੀਤਾ ,
ਮੈਂ ਹੀ ਇਸ ਨੂੰ ਰੁਤਬਾ ਦਿੱਤਾ, ਮੇਰੇ ਘਰ ਵਿੱਚ ਲਾਇਆ ਪਲੀਤਾ।
ਮੇਰਾ ਤੇ ਇਸ ਦਾ ਰਿਸ਼ਤਾ, ਸਦਾ ਲਈ ਹੁਣ ਤਿੜਕ ਗਿਆ ਹੈ,
ਭਾਵੇਂ ਮੇਰੇ ਸਾਹਵੇਂ ਮਨੁੱਖ ਬੇਚਾਰਾ, ਹਰ ਇੱਕ ਚੀਜ਼ ਤੋਂ ਥਿੜਕ ਗਿਆ ਹੈ।
ਅਛੂਤ ਹਾਂ ਮੈਂ ਅਛੂਤ ਹੈਂ ਤੂੰ ਵੀ, ਅਛੂਤ ਬਣੀ ਅੱਜ ਦੁਨੀਆ ਸਾਰੀ,
ਕਿਸ ਤੋਂ ਭੱਜੀਏ ਕਿਸ ਤੋਂ ਬਚੀਏ, ਅਕਲ ਗਈ ਹੈ ਸਭ ਦੀ ਮਾਰੀ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ.ਕੇ