Wednesday, April 15, 2026

ਕੋਰੋਨਾਵਾਇਰਸ ਸਬੰਧੀ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਾਉਣ ਵਾਲੇ ਵਿਅਕਤੀ ’ਤੇ ਪਰਚਾ

ਵੱਟਸਐਪ ਜਾਂ ਫੇਸਬੁੱਕ ’ਤੇ ਦੀ ਅਣਅਧਿਕਾਰਤ ਜਾਣਕਾਰੀ ’ਤੇ ਯਕੀਨ ਨਾ ਕਰਨ ਜਿਲਾ ਵਾਸੀ – ਐਸ.ਐਸ.ਪੀ

ਲੌਂਗੋਵਾਲ, 7 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਸੰਗਰੂੂਰ ਜ਼ਿਲੇ ’ਚ ਕੋਰੋਨਾਵਾਇਰਸ ਤੋਂ ਪਾਜ਼ਟਿਵ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ Sandeep Gargਸੋਸ਼ਲ ਮੀਡੀਆ ’ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲਾ ਮੈਜਿਸਟਰੇਟ ਘਨਸ਼ਿਆਮ ਥੋਰੀ ਨੇ ਜ਼ਿਲਾ ਪੁਲਿਸ ਮੁਖੀ ਨੂੰ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਲਈ ਕਿਹਾ ਹੈ। ਜ਼ਿਲਾ ਮੈਜਿਸਟਰੇਟ ਤੋਂ ਮਿਲੀਆਂ ਹਦਾਇਤਾਂ ਤੋਂ ਬਾਅਦ ਸੰਗਰੂਰ ਪੁਲਿਸ ਵਲੋਂ ਨਾਗਰੀ ਪਿੰਡ ਦੇ ਰਹਿਣ ਵਾਲੇ ਜਗਤਾਰ ਬਾਵਾ ਪੱਤਰਕਾਰ ਵਿਰੁੱਧ ਫੇਸਬੁੱਕ ’ਤੇ ਕੋਰੋਨਾਵਾਇਰਸ ਨੂੰ ਲੈ ਕੇ ਝੂਠੀਆਂ ਅਫ਼ਵਾਹਾਂ ਫੈਲਾਉਣ ਕਰਕੇ ਪਰਚਾ ਦਰਜ ਕੀਤਾ ਹੈ।
           ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਕੱਲ ਜਗਤਾਰ ਬਾਵਾ ਪੱਤਰਕਾਰ ਵੱਲੋਂ ਆਪਣੇ ਫੇਸਬੁੱਕ ਪੇਜ਼ ’ਤੇ ਸੰਗਰੂਰ ’ਚ ਕਿਸੇ ਸਬਜ਼ੀ ਵੇਚਣ ਵਾਲੇ ਦੇ ਪਾਜ਼ਟਿਵ ਆਉਣ ਸਬੰਧੀ ਝੂਠੀ ਜਾਣਕਾਰੀ ਵਾਲੀ ਪੋਸਟ ਪਾਈ ਸੀ। ਉਨਾਂ ਕਿਹਾ ਕਿ ਸੰਗਰੂਰ ਪੁਲਿਸ ਵਲੋਂ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਭਾਰਤੀ ਦੰਡਾਵਲੀ ਦੀ ਧਾਰਾ 188 ਤੇ 505 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 54 ਅਤੇ ਐਪੀਡੇਮਿਕ ਡਿਜ਼ੀਸਜ਼ ਐਕਟ 1897 ਦੀ ਧਾਰਾ 3 ਦੇ ਤਹਿਤ ਥਾਣਾ ਛਾਜਲੀ ਵਿਖੇ ਮਾਮਲਾ ਦਰਜ਼ ਕਰ ਲਿਆ ਹੈ।
              ਐਸ.ਐਸ.ਪੀ ਨੇ ਹੋਰਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਖ਼ਾਸ ਕਰਕੇ ਵੱਟਸਐਪ ਜਾਂ ਫੇਸਬੁੱਕ ’ਤੇ ਆਉਣ ਵਾਲੀ ਕਿਸੇ ਵੀ ਅਣਅਧਿਕਾਰਤ ਜਾਣਕਾਰੀ ’ਤੇ ਯਕੀਨ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਬਣਾਏ ਗਏ ਪੇਜ਼ਾਂ ’ਤੇ ਪਾਈ ਜਾਣਕਾਰੀ ਨੂੰ ਹੀ ਸਹੀ ਮੰਨਿਆ ਜਾਵੇ।ਕਿਸੇ ਵੀ ਜਾਣਕਾਰੀ ਨੂੰ ਅੱਗੇ ਭੇਜਣ ਜਾਂ ਫਾਰਵਰਡ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਸਹੀ ਹੈ ਜਾਂ ਨਹੀਂ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …