ਅੱਜ ਪੋਜ਼ੀਟਿਵ ਮਰੀਜ਼ਾਂ ਦੇ ਸੰਪਰਕ `ਚ ਆਉਣ ਵਾਲੇ 163 ਵਿਅਕਤੀਆਂ ਦੇ ਲਏ ਗਏ ਸੈਂਪਲ
ਹੁਸ਼ਿਆਰਪੁਰ, 2 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲੇ ਵਿੱਚ ਕੋਵਿਡ-19 ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਜ਼ਿਲੇ ਦੇ 108 ਪੋਜ਼ੀਟਿਵ ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਆਪਣੇ ਘਰ ਜਾ ਚੁੱਕੇ ਹਨ।ਹੁਣ ਜ਼ਿਲੇ ਵਿੱਚ ਪੋਜ਼ੀਟਿਵ ਮਰੀਜ਼ਾਂ ਦੀ ਸੰਖਿਆ 131 ਹੈ, ਜਿਸ ਵਿੱਚ 18 ਐਕਟਿਵ ਕੇਸ ਹਨ।ਦੋ ਹੋਰ ਪੋਜ਼ੀਟਿਵ ਕੇਸ ਸਾਹਮਣੇ ਆਏ ਸਨ।ਉਨਾਂ ਦੱਸਿਆ ਕਿ ਜ਼ਿਲੇ ਦੇ ਪਿੰਡ ਭਾਨਾ (ਗੜਦੀਵਾਲਾ) ਦੇ ਸਤਨਾਮ ਸਿੰਘ ਦੀ ਲੁਧਿਆਣਾ ਵਿੱਚ 30 ਮਈ ਨੂੰ ਰਿਪੋਰਟ ਪੋਜ਼ੀਟਿਵ ਆਈ ਸੀ, ਇਸ ਤੋਂ ਇਲਾਵਾ ਦੂਸਰਾ ਮਾਮਲਾ ਦਸੂਹਾ ਸਬ-ਡਵੀਜ਼ਨ ਦੇ ਪਿੰਡ ਚੋਹਾਨਾ ਦਾ ਹੈ, ਜਿਥੇ ਦੀ ਮਨਵੀਤ ਕੌਰ ਦੀ ਜਲੰਧਰ ਵਿੱਚ ਰਿਪੋਰਟ ਪੋਜ਼ੀਟਿਵ ਆਈ ਸੀ ਅਤੇ ਹੁਣ ਇਹ ਮਰੀਜ਼ ਕੋਰੋਨਾ ਮੁਕਤ ਹੋ ਚੁੱਕੀ ਹੈ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਦੇ ਪੋਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ 163 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ 2812 ਸੈਂਪਲ ਲਏ ਜਾ ਚੁੱਕੇ ਹਨ, ਜਿਸ ਵਿੱਚ 2210 ਸੈਂਪਲ ਨੈਗੇਟਿਵ ਆਏ ਹਨ ਅਤੇ 444 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨਾਂ ਕਿਹਾ ਕਿ ਹੁਣ ਤੱਕ 29 ਸੈਂਪਲ ਇਨਵੈਲਿਡ ਪਾਏ ਗਏ ਹਨ। ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਸਾਰੇ ਲੋਕ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ।