ਇਨਾਮ ਵਜੋਂ 251 ਆਂਗਣਵਾੜੀ ਵਰਕਰਾਂ ਨੂੰ ਦਿੱਤੇ ਇੱਕੀ-ਇੱਕੀ ਸੌ ਰੁਪਏ ਤੇ ਪ੍ਰਸੰਸਾ ਪੱਤਰ
ਨਵਾਂਸ਼ਹਿਰ, 2 ਜੂਨ (ਪੰਜਾਬ ਪੋਸਟ ਬਿਊਰੋ) – ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਖਿਲਾਫ਼ ਲੜਾਈ ’ਚ ਮੂਹਰਲੀ ਕਤਾਰ ’ਚ ਲੜਨ ਵਾਲੇ ਯੋਧਿਆਂ ਦੀ ਹੌਂਸਲਾ ਅਫ਼ਜ਼ਾਈ ਲਈ ਆਂਗਣਵਾੜੀ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ।
ਸਾਬਕਾ ਖੇਤੀਬਾੜੀ ਮੰਤਰੀ ਸਵ. ਸਰਦਾਰ ਦਿਲਬਾਗ ਸਿੰਘ ਦੀ ਚੰਡੀਗੜ੍ਹ ਰੋਡ ਨਵਾਂਸ਼ਹਿਰ ਸਥਿਤ ਸਮਾਧ ’ਤੇ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਹਰੇਕ ਆਂਗਣਵਾੜੀ ਵਰਕਰ ਨੂੰ ਇੱਕ ਇੱਕ ਪ੍ਰਸੰਸਾ ਪੱਤਰ ਤੇ ਇੱਕੀ-ਇੱਕੀ ਸੌ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ।
ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਇਨ੍ਹਾਂ ਆਂਗਣਵਾੜੀ ਵਰਕਰਾਂ ਨੇ ਜ਼ਿਲ੍ਹੇ ’ਚ ਵਿਦੇਸ਼ ਤੋਂ ਪਰਤੇ ਵਿਅਕਤੀਆਂ ਨੂੰ ਸ਼ੁਰੂਆਤੀ ਦਿਨਾਂ ’ਚ ਘਰਾਂ ’ਚ ਹੀ ਇਕਾਂਤਵਾਸ ਕਰਨ ਦੀ ਸਰਕਾਰ ਦੀ ਮੁਹਿੰਮ ਨੂੰ ਬਹੁਤ ਹੀ ਸਹੀ ਤਰੀਕੇ ਨਾਲ ਨੇਪਰੇ ਚੜ੍ਹਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਰੋਜ਼ਾਨਾ ਸਿਹਤ ਸਥਿਤੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ-ਇੱਕ ਦਿਨ ਦੀ ਰਿਪੋਰਟ ਕਰਦੀਆਂ ਰਹੀਆਂ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਅਤੇ ਸ਼ਾਮ ਦੀਆਂ ਦੋ ਸ਼ਿਫ਼ਟਾਂ ’ਚ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ’ਚ ਰੱਖਦੇ ਹੋਏ ਨਵਾਂਸ਼ਹਿਰ ਤੇ ਔੜ ਦੀਆਂ 251 ਆਂਗਣਵਾੜੀ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਠੇਕੇ ’ਤੇ ਕੰਮ ਕਰ ਰਹੀਆਂ ਨਰਸਾਂ, ਸਫ਼ਾਈ ਕਾਮਿਆਂ, ਪੁਲਿਸ ਦੀ ਮਦਦ ’ਚ ਲੱਗੇ ਵਾਲੰਟੀਅਰਾਂ ਤੇ ਸਿਹਤ ਵਿਭਾਗ ਦੀਆਂ ਏ.ਐਨ.ਐਮ ਤੇ ਦਰਜ਼ਾ ਚਾਰ ਕਰਮਚਾਰੀਆਂ ਜਿਨ੍ਹਾਂ ਦੀ ਗਿਣਤੀ 610 ਦੇ ਕਰੀਬ ਬਣਦੀ ਹੈ, ਨੂੰ ਪ੍ਰਸ਼ੰਸਾ ਪੱਤਰ ਅਤੇ ਆਪਣੇ ਵਿੱਤ ਮੁਤਾਬਿਕ ਕਰੀਬ 14 ਲੱਖ ਦਾ ਨਗਦ ਇਨਾਮ ਦੇ ਕੇ ਉਨ੍ਹਾਂ ਦੀ ਮਾਨਵਤਾ ਦੇ ਸਹੀ ਹਮਦਰਦਾਂ ਵਜੋਂ ਹੌਂਸਲਾ ਅਫ਼ਜ਼ਾਈ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਦੋ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੂੰ ਪੱਤਰ ਲਿਖ ਕੇ ਕੋਰੋਨਾ ਦੌਰਾਨ ਅੱਗੇ ਹੋ ਕੇ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਵੀ ਰੱਖੀ ਹੈ ਅਤੇ ਨਾਲ ਹੀ ਵਿਸ਼ੇਸ਼ ਸੈਸ਼ਨ ਸੱਦ ਕੇ ਇਨ੍ਹਾਂ ਸਾਰਿਆਂ ਦੀ ਪ੍ਰਸ਼ੰਸਾ ਦਾ ਮਤਾ ਪਾਸ ਕਰਨ ਦਾ ਸੁਝਾਅ ਵੀ ਦਿੱਤਾ ਹੈ।
ਇਸ ਮੌਕੇ ਏ.ਡੀ.ਸੀ (ਵਿਕਾਸ) ਸਰਬਜੀਤ ਸਿੰਘ ਵਾਲੀਆ, ਡੀ.ਐਸ.ਪੀ ਹਰਨੀਲ ਸਿੰਘ, ਰਾਣਾ ਕੁਲਦੀਪ ਸਿੰਘ ਜਾਡਲਾ, ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਬਲਾਕ ਸਮਿਤੀ ਮੈਂਬਰ ਜੋਗਿੰਦਰ ਸਿੰਘ ਬਘੌਰਾਂ, ਸੀ.ਡੀ.ਪੀ.ਓ ਨਵਾਂਸ਼ਹਿਰ ਪੂਰਨ ਪੰਕਜ਼ ਪ੍ਰਕਾਸ਼ ਮੌਜ਼ੂਦ ਸਨ।