Friday, August 28, 2026

ਤਰਾਈ ਖੇਤਰ ਦੇ ਸਿੱਖਾਂ ਦਾ ਉਜਾੜਾ ਸਰਕਾਰ ਤੁਰੰਤ ਬੰਦ ਕਰੇ – ਨਿਹੰਗ ਮੁਖੀ

ਸਿੱਖਾਂ ਨੂੰ ਬੇਗਾਨਗੀ ਮਹਿਸੂਸ ਕਰਵਾ ਰਹੀ ਹੈ ਧੱਕੇਸ਼ਾਹੀ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਉਤਰ ਪ੍ਰਦੇਸ਼ ਵਿੱਚ ਵੱਸਦੇ ਹਜ਼ਾਰਾਂ ਸਿੱਖਾਂ ਨੂੰ ਉਜਾੜੇ ਜਾਣ ਦੀ ਮੰਦਭਾਗੀ ਕਾਰਵਾਈ ‘ਤੇ ਗਹਿਰੇ ਦੁੱਖ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਤਿੰਨ ਪੀੜੀਆਂ ਤੋ ਵਸੇ ਸਿੱਖ ਪਰਿਵਾਰਾਂ ਦੇ ਖੇਤਾਂ ‘ਚ ਜਬਰੀ ਜੇ.ਸੀ.ਬੀ ਚਲਾ ਕੇ ਫਸਲਾਂ ਤਬਾਹ ਕਰਨੀਆਂ ਸਰਾਸਰ ਬੇਇਨਸਾਫੀ ਤੇ ਧੱਕੇਸ਼ਾਹੀ ਹੈ।ਅਜਿਹੀ ਬੇਇਨਸਾਫੀ ਸਿੱਖਾਂ ਅੰਦਰ ਬੇਗਾਨਗੀ ਅਤੇ ਰੋਸ ਪ੍ਰਗਟ ਕਰੇਗੀ।ਉਨ੍ਹਾਂ ਕਿਹਾ ਕਿ ਕੋਵਿਡ 19 ਦੀ ਮਹਾਂਮਾਰੀ ਕਾਰਨ ਲੋਕ ਨੂੰ ਲਾਕਡਾਊਨ ਕਰਕੇ ਘਰਾਂ ਵਿਚ ਬੰਦ ਕੀਤਾ ਹੋਇਆ ਹੈ, ਦੂਸਰੇ ਪਾਸੇ ਸਰਕਾਰਾਂ ਅਜਿਹੇ ਚੰਦ ਚਾੜ ਰਹੀਆਂ ਹਨ।
               ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਲਿਖਤੀ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਰਾਜ ਦੇ ਤਰਾਈ ਖੇਤਰ ਦੇ ਜਿਲ੍ਹਾ ਰਾਮਪੁਰ ਦੇ 15 ਪਿੰਡਾਂ, ਬਿਜ਼ਨੌਰ ਅਤੇ ਲਖੀਮਪੁਰ ਖੀਰੀ ਦੇ ਵੱਖ-ਵੱਖ ਖੇਤਰਾਂ ਵਿਚ ਸਰਕਾਰ ਵੱਲੋਂ ਫੋਰਸ ਚਾੜ ਕੇ ਕਿਸਾਨਾਂ ਦੀਆਂ ਜਿੱਥੇ ਫਸਲਾਂ ਤਬਾਹ ਕੀਤੀਆਂ ਹਨ ਉੱਥੇ ਧੱਕੋਜ਼ੋਰੀ ਜ਼ਮੀਨਾਂ ਅਕਵਾਇਰ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਸਿੱਖਾਂ ਨੇ ਜੰਗਲ ਬੇਲੇ ਬੀਆਬਾਨ ਹੱਡ ਭੰਨਵੀ ਮਿਹਨਤ ਨਾਲ ਵਾਹ ਕੇ ਜਮੀਨਾਂ ਖੇਤੀਯੋਗ ਬਣਾਈਆਂ ।ਮੌਜੂਦਾ ਸਰਕਾਰ ਸਿੱਖਾਂ ਨੂੰ ਉਜਾੜਨ ‘ਤੇ ਤੁਲੀ ਹੋਈ ਹੈ।ਉਨ੍ਹਾਂ ਕਿਹਾ ਸਰਕਾਰ ਨੂੰ ਇਹ ਵਰਤਾਰਾ ਤੁਰੰਤ ਬੰਦ ਕਰਨਾ ਚਾਹੀਦਾ ਹੈ।
               ਉਨ੍ਹਾਂ ਕਿਹਾ ਕਿ 1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਠ ਕੇ ਸਿੱਧੇ ਆ ਕੇ ਵੱਸੇ ਸਿਖ ਪਰਿਵਾਰਾਂ ਨੇ ਰੋਹੀਆਂ ਜੰਗਲ, ਬੇਲਿਆਂ ਨੂੰ ਰਾਤ ਦਿਨ ਮੇਹਨਤ ਕਰਕੇ ਜ਼ਮੀਨਾਂ ਅਬਾਦ ਕੀਤੀਆਂ ਹਨ, ਤਿੰਨ ਤਿੰਨ ਪੀੜੀਆਂ ਤੋਂ ਏਥੇ ਰਹਿ ਰਹੇ ਹਨ।ਜ਼ਮੀਨਾਂ ਦੇ ਹੱਕ ਹਕੂਕ ਦੇਣ ਦੀ ਬਜ਼ਾਏ ਸਰਕਾਰ ਉਨ੍ਹਾਂ ‘ਤੇ ਉਜਾੜੇ ਦੀ ਤਲਵਾਰ ਚਲਾ ਰਹੀ ਹੈ।ਉਨ੍ਹਾਂ ਕਿਹਾ ਕਿ ਚੰਪਤਪੁਰ ਵਿਚ 300 ਅਤੇ ਰਣਨਗਰ ਵਿਚ 300 ਸਿੱਖ ਪ੍ਰੀਵਾਰਾਂ ਦੀ ਵਸੋਂ ਹੈ।ਜਿਲ੍ਹਾ ਰਾਮਪੁਰ ਦੇ 15 ਪਿੰਡਾਂ, ਜਿਲ੍ਹਾ ਬਿਜਨੌਰ ਦੇ ਪਿੰਡ ਚੰਪਤਪੁਰ, ਜਿਲ੍ਹਾ ਲਖੀਮਪੁਰ ਖੀਰੀ ਦੇ ਰਣਨਗਰ ਵਿਚਲੇ ਰਹਿੰਦੇ ਸਿੱਖਾਂ ‘ਤੇ ਨਜਾਇਜ਼ ਪਰਚੇ ਦਰਜ਼ ਕਰਕੇ ਡਰਾਇਆ ਧਮਕਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਕਿਸੇ ਪ੍ਰੋਜੈਕਟ ਲਈ ਜ਼ਮੀਨ ਦੀ ਲੋੜ ਹੈ ਤਾਂ ਕਿਸਾਨਾਂ ਨਾਲ ਮਿਲ ਬੈਠ ਕੇ ਸਹੀ ਰਾਹ ਅਖਤਿਆਰ ਕਰੇ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …