ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ
ਹੋਈ।ਜਿਸ ਵਿਚ ਕਮਿਸ਼ਨਰ ਕੋਮਲ ਮਿੱਤਲ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਦਮਨਦੀਪ ਸਿੰਘ ਕੌਂਸਲਰ, ਗੁਰਜੀਤ ਕੌਰ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।ਮੀਟਿੰਗ ਵਿੱਚ ਲਗਭਗ 4 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਕਾਰਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਮੀਟਿੰਗ ਵਿਚ ਪਾਸ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਪ੍ਰਮੁੱਖ ਤੌਰ ‘ਤੇ ਮਿਉਂਸਪਲ ਡਿਸਪੈਂਸਰੀ ਵਿਖੇ ਕਮਰਿਆਂ ਦਾ ਨਿਰਮਾਣ, ਕੋਟ ਖਾਲਸਾ, ਗੁਰੂ ਕੀ ਵਡਾਲੀ ਅਤੇ ਖਾਪੜਖੇੜੀ ਰੋਡ ਵਿਖੇ ਸ਼ਮਸ਼ਾਨ ਘਾਟ ਵਿਚ ਵਰਾਂਡੇ, ਇੰਟਰਲਾਕਿੰਗ ਟਾਈਲਾਂ ਆਦਿ ਦਾ ਕੰਮ, ਵਾਰਡ ਨੰ. 58 ਵਿਚ 2 ਹੈਂਡਬੋਰ ਟਿਊਬਵੈਲ ਲਗਾਉਣ ਦੇ ਕੰਮ, ਸੀਮੈਂਟ ਕੰਕਰੀਟ ਨਾਲ ਗਲੀਆਂ ਦਾ ਨਿਰਮਾਣ, ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮਾਂ ਆਦਿ ਸ਼ਾਮਲ ਹਨ।ਇਸ ਸਮੇਂ ਸ਼ਹਿਰ ਦੀਆਂ ਪ੍ਰਮੁੱਖ ਸੜ੍ਹਕਾਂ ਦੀ ਸਾਫ਼-ਸਫਾਈ ਲਈ ਕਿਰਾਏ ‘ਤੇ ਲੈਣ ਵਾਲੀਆਂ ਟ੍ਰੈਕਟਰ ਟਰਾਲੀਆਂ ਦਾ ਮਤਾ ਲੰਬਿਤ ਰੱਖਿਆ ਗਿਆ ਹੈ ਅਤੇ ਆਊਟਸੋਰਸਿੰਗ ਰਾਹੀਂ ਕਰਮਚਾਰੀ ਰੱਖਣ ਬਾਰੇ ਮਤੇ ਕਾਨੂੰਨੀ ਰਾਏ ਲੈ ਕੇ ਪਾਸ ਕਰਨ ਦੀ ਪ੍ਰਵਾਨਗੀ ਲਈ ਕਿਹਾ ਗਿਆ ਹੈ।