Thursday, December 12, 2024

ਜਿਲ੍ਹਾ ਅੰਮ੍ਰਿਤਸਰ ‘ਚ ਹੁਣ ਤੱਕ ਹੋ ਚੁੱਕੇ ਹਨ 41 ਹਜ਼ਾਰ ਤੋਂ ਵੱਧ ਕੋਰੋਨਾ ਟੈਸਟ – ਡੀ.ਸੀ

1396 ਵਿਅਕਤੀ ਪਾਜ਼ਿਟਵ ਪਾਏ ਗਏ, ਜਿੰਨਾ ਵਿਚੋਂ ਹੋ ਚੁੱਕੇ 1039 ਠੀਕ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਿਸ਼ਨ ਫਤਹਿ ਵੱਲ ਵੱਧਦੇ ਕਦਮਾਂ ਬਾਰੇ ਵਿਸਥਾਰ ਦੱਸਦੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿਲ੍ਹੇ ਵਿੱਚ ਕੱਲ੍ਹ ਸ਼ਾਮ ਤੱਕ 41677 ਵਿਅਕਤੀਆਂ ਦੇ ਕੋਵਿਡ-19 ਸਬੰਧੀ ਟੈਸਟ ਕੀਤੇ ਜਾ ਚੁੱਕੇ ਹਨ, ਜਿੰਨਾ ਵਿਚੋਂ 1396 ਵਿਅਕਤੀ ਪਾਜ਼ਿਟਵ ਮਿਲੇ ਸਨ।ਉਨਾਂ ਦੱਸਿਆ ਕਿ ਇੰਨਾਂ ਵਿਅਕਤੀਆਂ ਵਿਚੋਂ ਵੀ 1039 ਵਿਅਕਤੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾਉਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਕੇਵਲ 292 ਵਿਅਕਤੀ ਦਾ ਇਲਾਜ਼ ਇਸ ਵੇਲੇ ਜਾਰੀ ਹੈ।ਉਨਾਂ ਦੱਸਿਆ ਕਿ ਇੰਨਾਂ ਵਿਅਕਤੀਆਂ ਵਿਚੋਂ ਬਦਕਿਸਮਤੀ ਨਾਲ 65 ਵਿਅਕਤੀ ਦੀ ਜਾਨ ਵੀ ਕੋਰੋਨਾ ਨਾਲ ਗਈ ਹੈ।
                 ਡੀ.ਸੀ ਢਿਲੋਂ ਨੇ ਕਿਹਾ ਕਿ ਟੀਮਾਂ ਵੱਲੋਂ ਇਹ ਯਤਨ ਕੀਤਾ ਜਾਂਦਾ ਹੈ, ਜਿੱਥੇ ਕਿਤੇ ਵੀ ਕੋਰੋਨਾ ਦਾ ਮਰੀਜ਼ ਮਿਲੇ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਜਾਂਚ ਜਰੂਰ ਕੀਤੀ ਜਾਵੇ, ਤਾਂ ਜੋ ਕੋਵਿਡ-19 ਦੀ ਚੇਨ ਅੱਗੇ ਨਾ ਤੁਰੇ।ਉਨਾਂ ਦੱਸਿਆ ਕਿ ਹੁਣ ਤੱਕ ਇੰਨਾਂ ਟੀਮਾਂ ਨੇ ਸੰਪਰਕ ਵਾਲੇ ਕੇਸਾਂ ਵਿਚ ਹੀ 4637 ਲੋਕਾਂ ਦੀ ਜਾਂਚ ਕੀਤੀ ਹੈ ਅਤੇ ਇੰਨਾਂ ਵਿਚੋਂ 374 ਵਿਅਕਤੀ ਕੋਵਿਡ-19 ਤੋਂ ਪ੍ਰਭਾਵਿਤ ਮਿਲੇ ਹਨ।ਇਹ ਵੱਡੀ ਕਾਮਯਾਬੀ ਹੈ, ਕਿਉਂਕਿ ਜੇਕਰ ਇਸ ਕੰਮ ਵਿਚ ਢਿੱਲ ਰਹਿੰਦੀ ਤਾਂ ਕੋੋਰੋਨਾ ਦੇ ਇਹ ਮਰੀਜ਼ ਅੱਗੇ ਵਾਇਰਸ ਹਜ਼ਾਰਾਂ ਲੋਕਾਂ ਤੱਕ ਪਹੁੰਚਾ ਸਕਦੇ ਸਨ।
                 ਉਨਾਂ ਦੱਸਿਆ ਕਿ ਸਾਡੀ ਟੀਮਾਂ ਲਗਾਤਾਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਲੈ ਰਹੀਆਂ ਹਨ।ਇਸ ਤੋਂ ਇਲਾਵਾ ਜਿੰਨਾ ਇਲਾਕਿਆਂ ਵਿਚੋਂ ਜ਼ਿਆਦਾ ਮਰੀਜ਼ ਮਿਲੇ ਹਨ, ਉਥੇ ਮੋਬਾਈਲ ਵੈਨ ਭੇਜ ਕੇ ਉਨਾਂ ਦੇ ਨਮੂਨੇ ਲਏ ਜਾ ਰਹੇ ਹਨ।ਢਿੱਲੋਂ ਨੇ ਦੱਸਿਆ ਕਿ 30 ਜੂਨ ਨੂੰ ਸ਼ੁਰੂ ਕੀਤੀ ਮੋਬਾਈਲ ਵੈਨ ਹੁਣ ਤੱਕ 993 ਲੋਕਾਂ ਦੇ ਨਮੂਨੇ ਲੈ ਚੁੱਕੀ ਹੈ ਅਤੇ ਇਹ ਕੰਮ ਕੋਵਿਡ-19 ਦੀ ਸਮਾਪਤੀ ਤੱਕ ਜਾਰੀ ਰਹੇਗਾ।ਢਿੱਲੋਂ ਨੇ ਦੱਸਿਆ ਕਿ ਸ਼ਹਿਰੀ ਖੇਤਰ ਵਿਚੋਂ ਜ਼ਿਆਦਾ ਮਰੀਜ਼ ਆਏ ਹੋਣ ਕਾਰਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲੋਕਾਂ ਦੇ ਘਰਾਂ ਤੱਕ ਵੀ ਮਰੀਜ਼ਾਂ ਦੀ ਭਾਲ ਵਿਚ ਭੇਜਿਆ ਗਿਆ ਹੈ ਅਤੇ ਲਗਭਗ 11 ਲੱਖ ਦੀ ਅਬਾਦੀ ਵਾਲੇ ਸ਼ਹਿਰ ਵਿਚ ਇਹ ਟੀਮਾਂ 98 ਫੀਸਦੀ ਘਰਾਂ ਤੱਕ ਸਰਵੇ ਕਰ ਚੁੱਕੀਆਂ ਹਨ।
               ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਕੋਵਿਡ-19 ਦੇ ਖਾਤਮੇ ਲਈ ਕਿਸੇ ਵੀ ਤਰਾਂ ਦਾ ਲੱਛਣ ਮਿਲਣ ‘ਤੇ ਆਪਣੇ ਆਪ ਨੂੰ ਘਰ ਵਿਚ ਇਕਾਂਤਵਾਸ ਕਰਕੇ ਸਿਹਤ ਵਿਭਾਗ ਕੋਲ ਜਾਂਚ ਲਈ ਪਹੁੰਚਣ, ਤਾਂ ਜੋ ਵੇਲੇ ਸਿਰ ਉਨਾਂ ਦਾ ਸੰਭਵ ਇਲਾਜ ਕਰਕੇ ਮਰੀਜ਼ ਅਤੇ ਉਸਦੇ ਸਾਰੇ ਪਰਿਵਾਰ ਨੂੰ ਇਸ ਆਫਤ ਤੋਂ ਬਚਾਇਆ ਜਾ ਸਕੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਸਕ ਪਾਉਣ ਵਿਚ ਕੁਤਾਹੀ ਨਾ ਵਰਤੋ, ਕਿਉਂਕਿ ਘਰ ਤੋਂ ਬਾਹਰ ਕੇਵਲ ਮਾਸਕ ਦੀ ਤੁਹਾਡੀ ਰੱਖਿਆ ਕਰਦਾ ਹੈ।

Check Also

ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ

ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …