ਮਾਨਸੂਨ ਸੀਜ਼ਨ ਦੌਰਾਨ 6000 ਪੌਦੇ ਲਾਉਣ ਦਾ ਟੀਚਾ
ਕਪੂਰਥਲਾ, 4 ਅਗਸਤ (ਪੰਜਾਬ ਪੋਸਟ ਬਿਊਰੋ) – ਨਹਿਰੂ ਯੁਵਾ ਕੇਂਦਰ ਵਲੋਂ ਪੰਜਾਬ ਦੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ `ਗਰੀਨ ਵਿਲੇਜ਼, ਕਲੀਨ ਵਿਲੇਜ਼` ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਤਹਿਤ ਕਪੂਰਥਲਾ ਜਿਲੇ ਵਿਚ 6000 ਪੌਦੇ ਲਗਾਏ ਜਾਣਗੇ।
ਨਹਿਰੂ ਯੁਵਾ ਕੇਂਦਰ ਦੀ ਕੋਆਰਡੀਨੇਟਰ ਸਵਾਤੀ ਕੁਮਾਰ ਨੇ ਦੱਸਿਆ ਕਿ ਕਪੂਰਥਲਾ ਜਿਲੇ ਦੇ 5 ਬਲਾਕਾਂ ਵਿੱਚ ਪੌਦੇ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਨਹਿਰੂ ਯੁਵਾ ਕੇਂਦਰ ਦੇ ਦਫਤਰ ਵਿਖੇ ਪੌਦਾ ਲਗਾ ਕੇ ਕੀਤੀ ਗਈ ਹੈ।ਜੰਗਲਾਤ ਵਿਭਾਗ ਵਲੋਂ ਜਿਥੇ ਵੀ ਲੋੜ ਹੋਵੇਗੀ ਉਥੇ ਹੀ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਵਲੋਂ ਪੌਦੇ ਲਗਾਏ ਜਾਣਗੇ।ਇਸ ਕੰਮ ਲਈ ਪਿੰਡਾਂ ਦੇ ਸਰਪੰਚਾਂ, ਯੂਥ ਕਲੱਬਾਂ ਆਦਿ ਨੂੰ ਵੀ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਇਸ ਮੁਹਿੰਮ ਨੂੰ ਹਰ ਪਿੰਡ ਤੱਕ ਪਹੁੰਚਾਇਆ ਜਾ ਸਕੇ।ਇਸ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਵਲੋਂ ਪਿੰਡਾਂ ਵਿਚ ਲੋਕਾਂ ਨੂੰ ਸਾਫ ਸਫਾਈ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ ਪਿੰਡ ਪੱਧਰ ‘ਤੇ ਕੈਂਪ ਲਗਾਏ ਜਾਣਗੇ।ਇਸ ਮੌਕੇ ਜੰਗਲਾਤ ਵਿਭਾਗ ਤੋਂ ਬੀਟ ਇੰਚਾਰਜ਼ ਫੂਲਾ ਸਿੰਘ ਨੇ ਕਿਹਾ ਕਿ ਜੋ 6000 ਪੌਦੇ ਲਗਾਏ ਜਾਣਗੇ ਉਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵਣ ਮਿੱਤਰ ਨਿਭਾਉਣਗੇ।ਵਾਤਾਵਰਣ ਸੰਭਾਲ ਲਈ ਦਿੱਤੇ ਯੋਗਦਾਨ ਬਦਲੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਡਾ. ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਗੁਰਮੁੱਖ ਸਿੰਘ, ਗੁਰਦਿਆਲ ਸਿੰਘ, ਜਗਦੀਸ਼ ਕੌਰ, ਹਿਮਾਨੀ, ਹਰਪ੍ਰੀਤ ਕੌਰ, ਡਿੰਪਲ ਹਾਜ਼ਰ ਸਨ।