Thursday, November 21, 2024

ਵਿਧਾਇਕ ਡੈਨੀ ਬੰਡਾਲਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਜ਼ਹਿਰਲੀ ਸ਼ਰਾਬ ਮਫਿਆ ਦੀਆਂ ਜੜ੍ਹਾਂ ਨੇ ਕਾਂਗਰਸੀ ਲੀਡਰਾਂ ਦੇ ਘਰਾਂ ‘ਚ – ਆਪ ਆਗੂ  

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਮਾਝੇ ਦੇ ਤਿੰਨ ਜਿਲ੍ਹਿਆਂ ‘ਚ ਪਿਛਲੇ ਦਿਨਾਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 100 ਤੋਂ ਵੱਧ ਮੌਤਾਂ ਦੇ ਮੁੱਦੇ ‘ਤੇ ਅੱਜ ਪੁਲਿਸ ਵਲੋਂ ਕੈਪਟਨ ਅਮਰਿੰਦਰ ਸਿੰਘ ਸਮੇਤ ਤਿੰਨਾਂ ਜਿਲ੍ਹਿਆਂ ਦੇ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਜਬਰਦਸਤੀ ਗ੍ਰਿਫਤਾਰ ਕੀਤਾ ਗਿਆ।
             ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਡੈਨੀ ਬੰਡਾਲਾ ਦੀ ਅੰਮ੍ਰਿਤਸਰ ਸਥਿਤ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਤੋਂ ਇੰਚਾਰਜ਼ ਹਰਭਜਨ ਸਿੰਘ ਈ.ਟੀ.ਓ ਅਤੇ ਮਾਝਾ ਜੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ‘ਚ ਆਪ ਵਰਕਰਾਂ ਨੂੰ ਪੁਲੀਸ ਬਲ ਪ੍ਰਯੋਗ ਕਰਦੇ ਹੋਏ ਗ੍ਰਿਫਤਾਰ ਕਰਕੇ ਥਾਣਾ ਸਿਵਲ ਲਾਈਨ ਲੈ ਗਈ।ਆਪ ਵਰਕਰਾਂ ਨੇ ਹੱਥਾਂ ਵਿਚ ਸ਼ਰਾਬ ਮਾਫ਼ੀਆ ਅਤੇ ਸਰਕਾਰ ਵਿਰੋਧੀ ਨਾਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ।
                  ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਨੇ ਇਸ ਮੌਕੇ ਸਾਂਝੇ ਤੌਰ ਤੇ ਕਿਹਾ ਕਿ ਇੰਨੇ ਵੱਡੇ ਪੱਧਰ ‘ਤੇ ਹੋਈਆਂ ਮੌਤਾਂ ਨਾਲ ਵੀ ਸਰਕਾਰ ਅਤੇ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲੀ ਹੈ।ਉਹ ਹਾਲੇ ਵੀ ਨਜਾਇਜ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਧੜੱਲੇ ਨਾਲ ਅਪਣਾ ਕੰਮ ਕਰ ਰਹੇ ਹਨ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਫਾਰਮ ਹਾਊਸ ਵਿੱਚ ਬੈਠ ਕੇ ਚਾਰ ਕੋ ਅਫ਼ਸਰਾਂ ਨੂੰ ਸਸਪੈਂਡ ਕਰ ਕੇ ਆਪਣਾ ਪੱਲਾ ਝਾੜ ਰਹੇ ਹਨ।ਜਦਕਿ ਪਿੰਡ ਵਾਸੀ ਅਤੇ ਪੀੜਤ ਪਰਿਵਾਰਾਂ ਦੇ ਮੈਂਬਰ ਸਿੱਧੇ ਤੌਰ ‘’ਤੇ ਸਥਾਨਕ ਕਾਂਗਰਸੀ ਲੀਡਰਾਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਦੀ ਗਵਾਹੀ ਦੇ ਰਹੇ ਹਨ।ਹਰਭਜਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਵਿੱਚ ਉਦੋਂ ਤੱਕ ਸੰਘਰਸ਼ ਜਾਰੀ ਰੱਖੇਗੀ ਜਦੋਂ ਤੱਕ ਇਹਨਾਂ ਮੌਤਾਂ ਦੇ ਅਸਲੀ ਜਿੰਮੇਦਾਰ ਲੋਕਾਂ ‘ਤੇ ਕਾਰਵਾਈ ਨਹੀਂ ਕੀਤੀ ਜਾਂਦੀ।
           ਇਸ ਮੌਕੇ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ, ਉਪ ਪ੍ਰਧਾਨ ਰਜਿੰਦਰ ਪਲਾਹ, ਹਲਕਾ ਇੰਚਾਰਜ਼ ਮਨੀਸ਼ ਅਗਰਵਾਲ, ਡਾਕਟਰ ਇੰਦਰਬੀਰ ਨਿੱਝਰ, ਡਾਕਟਰ ਇੰਦਰਪਾਲ, ਯੂਥ ਪ੍ਰਧਾਨ ਮਾਝਾ ਜੋਨ ਦੇ ਪ੍ਰਧਾਨ ਸੁਖਰਾਜ ਬੱਲ, ਮੀਤ ਪ੍ਰਧਾਨ ਜਗਜੀਤ ਸਿੰਘ, ਜਿਲ੍ਹਾ ਪ੍ਰਧਾਨ ਵੇਦ ਪ੍ਰਕਾਸ਼ ਬਬਲੂ, ਸੀਨੀਅਰ ਆਗੂ ਰਵਿੰਦਰ ਹੰਸ, ਨਰਿੰਦਰ ਮਰਵਾਹਾ, ਸੰਜੀਵ ਕੁਮਾਰ, ਰਵਿੰਦਰ ਸਿੰਘ, ਹਰੀਸ਼ ਬੱਬਰ, ਅਰਵਿੰਦਰ ਸਿੰਘ, ਐਡਵੋਕੇਟ ਪਰਮਿੰਦਰ ਸੇਠੀ ਸਮੇਤ ਵੱਡੀ ਗਿਣਤੀ ‘ਚ ਵਲੰਟੀਅਰ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …