Sunday, May 12, 2024

ਯੂ.ਪੀ.ਐਸ.ਸੀ ਦੀ ਵੱਕਾਰੀ ਪ੍ਰੀਖਿਆ ‘ਚ ਧੂਰੀ ਦੀ ਰੁਪਿੰਦਰ ਕੌਰ ਨੇ ਮਾਰੀ ਬਾਜ਼ੀ

ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਨੇ ਰੁਪਿੰਦਰ ਕੌਰ ਦਾ ਕੀਤਾ ਸਨਮਾਨ
ਧੂਰੀ, 5 ਅਗਸਤ (ਪ੍ਰਵੀਨ ਗਰਗ) – ਯੂ.ਪੀ.ਐਸ.ਸੀ ਦੀ ਵੱਕਾਰੀ ਪ੍ਰੀਖਿਆ ਵਿੱਚੋਂ 620ਵਾਂ ਰੈਂਕ ਹਾਸਲ ਕਰਨ ਵਾਲੀ ਖੁਰਾਕ ਅਤੇ ਸਪਲਾਈ ਵਿਭਾਗ ਦੇ ਰਿਟਾਇਰਡ ਅਧਿਕਾਰੀ ਸੁਰਜੀਤ ਸਿੰਘ ਅਤੇ ਸ਼੍ਰੀਮਤੀ ਸੁਖਪਾਲ ਕੌਰ ਦੀ ਹੋਣਹਾਰ ਸਪੁੱਤਰੀ ਰੁਪਿੰਦਰ ਕੌਰ ਨੇ ਸ਼ਹਿਰ ਧੂਰੀ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਅਕਾਲੀ ਆਗੂ ਅਤੇ ਪ੍ਰਸਿੱਧ ਉਦਯੋਗਪਤੀ ਹਰੀ ਸਿੰਘ ਨਾਭਾ ਨੇ ਰੁਪਿੰਦਰ ਕੌਰ ਦੀ ਇਸ ਪ੍ਰਾਪਤੀ ਨੂੰ ਜ਼ਿਲਾ੍ਹ ਸੰਗਰੂਰ ਦੀਆਂ ਸਮੂਹ ਧੀਆਂ ਲਈ ਮਾਣ ਵਾਲੀ ਗੱਲ ਕਿਹਾ ਹੈ।
             ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੁਪਿੰਦਰ ਕੌਰ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੰਦਿਆਂ ਦੱਸਿਆ ਕਿ ਉਸ ਨੇ ਆਪਣੀ ਦਸਵੀਂ ਅਤੇ ਬਾਰ੍ਹਵੀਂ ਦੀ ਪੜਾਈ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਧੂਰੀ ਤੋਂ ਪਾਸ ਕੀਤੀ ਸੀ ਅਤੇ ਦਸਵੀਂ ਵਿੱਚੋਂ 95.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਮੈਰਿਟ ਸਰਟੀਫਿਕੇਟ ਵੀ ਹਾਸਲ ਕੀਤਾ ਸੀ, ਉਪਰੰਤ ਉਸ ਨੇ ਆਪਣੀ ਗਰੈਜੂਏਸ਼ਨ ਇਲੈਕਟ੍ਰੀਕਲ ਇੰਜੀਨਿਅਰ ਦੀ ਡਿਗਰੀ ਆਈ.ਆਈ.ਟੀ ਰੋਪੜ ਤੋਂ ਪੂਰੀ ਕੀਤੀ ਅਤੇ ਇਹ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਪਾਵਰਕਾਮ ਵਿਭਾਗ ਵਿੱਚ ਸਾਲ 2013 ਵਿੱਚ ਐਸ.ਡੀ.ਓ ਦੀ ਨੌਕਰੀ ਮਿਲ ਗਈ ਸੀ।ਪ੍ਰੰਤੂ ਉਸ ਦੇ ਸੁਪਨੇ ਅਜੇ ਅਧੂਰੇ ਸਨ ਅਤੇ ਜ਼ਿੰਦਗੀ ਵਿੱਚ ਕੁੱਝ ਹੋਰ ਵੱਡਾ ਕਰਨ ਦੀ ਇੱਛਾ ਦੇ ਚੱਲਦਿਆਂ ਉਹ ਯੂ.ਪੀ.ਐਸ.ਸੀ ਦੀ ਕੋਚਿੰਗ ਲੈਣ ਲਈ ਦਿੱਲੀ ਚਲੀ ਗਈ ਜਿੱਥੇ ਜੀਅ-ਤੋੜ ਮਿਹਨਤ ਕਰਕੇ ਉਸ ਨੇ ਯੂ.ਪੀ.ਐਸ.ਸੀ ਦੀ ਇਸ ਵੱਕਾਰੀ ਪ੍ਰੀਖਿਆ ਵਿੱਚ ਭਾਗ ਲੈਂਦਿਆਂ ਸਫਲਤਾ ਹਾਸਲ ਕੀਤੀ।
                  ਰੁਪਿੰਦਰ ਕੌਰ ਦੇ ਪਿਤਾ ਸੁਰਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੀ ਬੇਟੀ ਦੀ ਇਸ ਸਫਲਤਾ ਉੱਤੇ ਬਹੁਤ ਫਖਰ ਹੈ।ਜਿਸ ਨੇ ਅੱਜ ਸਾਡਾ ਸਮਾਜ ਵਿੱਚ ਨਾਂ ਰੋਸ਼ਨ ਕੀਤਾ ਹੈ ਅਤੇ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ।ਰੁਪਿੰਦਰ ਕੌਰ ਦੀ ਇਸ ਸਫਲਤਾ ‘ਤੇ ਅੱਜ ਉਹਨਾਂ ਦੇ ਘਰ ਸਮਾਜਿਕ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਆਂਢ-ਗੁਆਂਢ ਦੇ ਲੋਕ ਵੀ ਵਧਾਈਆਂ ਦੇਣ ਲਈ ਪਹੁੰਚੇ ਹੋਏ ਸਨ।
            ਗਰੀਨ ਪੰਜਾਬ ਸੋਸਾਇਟੀ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ, ਫੂਡ ਐਂਡ ਸਪਲਾਈ ਰਿਟਾਇਰਡ ਮੁਲਾਜ਼ਮ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਕੋ-ਆਰਡੀਨੇਟਰ ਰਾਜ ਕੁਮਾਰ ਅਰੋੜਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਰੁਪਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ।ਇਸੇ ਲੜੀ ਵਿੱਚ ਗੁਰੂ ਰਵੀਦਾਸ ਧਰਮਸ਼ਾਲਾ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਵੀ ਰੁਪਿੰਦਰ ਕੌਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਸ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।
            ਇਸ ਮੌਕੇ ਰਿਟਾ. ਸਬ ਇੰਸਪੈਕਟਰ ਭਰਪੂਰ ਸਿੰਘ ਚਾਚਾ, ਜਸਪ੍ਰੀਤ ਸਿੰਘ ਭਰਾ, ਅਮਰੀਕ ਸਿੰਘ ਕੌਂਸਲਰ, ਰਾਮ ਗੋਪਾਲ ਸ਼ਰਮਾ, ਚਰਨਜੀਤ ਕੈਂਥ, ਸਰਬਜੀਤ ਸਿੰਘ ਬੱਟੂ, ਪਿਆਰਾ ਸਿੰਘ, ਮੇਵਾ ਸਿੰਘ ਅਤੇ ਹਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਾਤਾਵਰਣ ਦੀ ਸੰਭਾਲ ਤੇ ਸੁਰੱਖਿਆ’ ਵਿਸ਼ੇ ’ਤੇ ਲੈਕਚਰ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਰੋਟਰੈਕਟ ਕਲੱਬ, ਰੋਟਰੀ …