Sunday, April 12, 2026

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੰਤਰਰਾਸ਼ਟਰੀ ਵਿਖਿਆਨ ਲੜੀ ਆਰੰਭ

ਅੰਮ੍ਰਿਤਸਰ, 11 ਅਗਸਤ (ਖੁਰਮਣੀਆਂ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰੋਗਰਾਮ ਉਲੀਕੇ ਗਏ ਹਨ।ਇਸੇ ਲੜੀ ਤਹਿਤ ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਹਾਸ ਵਿਭਾਗ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਵਿਖਿਆਨ ਲੜੀ ਦੀ ਆਰੰਭਤਾ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਕੀਤੀ ਗਈ।ਇਤਹਾਸ ਵਿਭਾਗ ਦੇ ਮੁਖੀ ਡਾ. ਅਮਨਦੀਪ ਬੱਲ ਨੇ ਦੱਸਿਆ ਕਿ ਇਸ ਲੜੀ ਦਾ ਲੈਕਚਰ ਡਾ. ਦਲਜੀਤ ਸਿੰਘ ਇੰਚਾਰਜ਼ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਅਖੰਡਤਾ ਚੇਅਰ ਅਤੇ ਮੁਖੀ ਪੰਜਾਬ ਇਤਿਹਾਸ ਅਧਿਐੈਨ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ।ਉਨਾਂ ਵਲੋਂ ‘ਸ੍ਰੀ ਗੁਰੂ ਤੇਗ ਬਹਾਦਰ-ਹਿੰਦ ਦੀ ਚਾਦਰ’ ਵਿਸ਼ੇ ‘ਤੇ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ।
                  ਗੁਰੂ ਸਾਹਿਬ ਦੇ ਜੀਵਨ ਨੂੰ ਅਧਾਰ ਬਣਾ ਕੇ ਉਨਾਂ ਨੇ ਵਿਚਾਰ ਪੇਸ਼ ਕਰਦੇ ਕਿਹਾ ਕਿ ਗੁਰੁ ਸਾਹਿਬ ਲੋਕਾਂ ਨੂੰ ਨਿਰਭੈ ਜੀਵਨ ਦੇ ਧਾਰਨੀ ਬਨਾਉਣਾ ਚਾਹੁੰਦੇ ਸਨ, ਤਾਂ ਕਿ ਉਹ ਅਨਿਆਂ ਅਤੇ ਬੇਇਨਸਾਫੀ ਦੇ ਵਿਰੁੱਧ ਅਵਾਜ਼ ਉਠਾ ਸਕਣ ਦੇ ਸਮਰੱਥ ਹੋਣ।ਉਨਾਂ ਕਿਹਾ ਕਿ ਗੁਰੂ ਸਾਹਿਬ ਧਾਰਮਿਕ ਸੁਤੰਤਰਤਾ ਦੇ ਹਮਾਇਤੀ ਸਨ ਅਤੇ ਉਨਾਂ ਦੀ ਦ੍ਰਿਸ਼ਟੀ ਵਿਚ ਕਿਸੇ ਤੋਂ ਡਰਨ ਵਾਲਾ ਵਿਅਕਤੀ ਆਪਣਾ ਸਵੈਮਾਨ ਤੇ ਆਜ਼ਾਦੀ ਗੁਆ ਬੈਠਦਾ ਹੈ।ਗੁਰੂ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਦੂਸਰਿਆਂ ਨੂੰ ਡਰਾਉਣ ਵਾਲਾ ਵਿਅਕਤੀ ਜ਼ੁਲਮੀ ਤੇ ਅਤਿਆਚਾਰੀ ਬਣ ਕੇ ਲੋਕਾਂ ਨਾਲ ਅਨਿਆਂ ਤੇ ਧੱਕੇਸ਼ਾਹੀ ਕਰਦਾ ਹੈ। ਇਸ ਲਈ ਗੁਰੂ ਸਾਹਿਬ ਨੇ ਜਬਰ ਜੁਲਮ ਦਾ ਵਿਰੋਧ ਕਰਨ ਅਤੇ ਦੂਜਿਆਂ ਦੇ ਬੁਨਿਆਦੀ ਅਧਿਕਾਰਾਂ ਦਾ ਸਨਮਾਨ ਕਰਦਿਆਂ ਕਿਸੇ ਨਾਲ ਵੀ ਧੱਕਾ ਨਾ ਕਰਨ ਦਾ ਉਪਦੇਸ਼ ਦਿੱਤਾ।ਉਨਾਂ ਕਿਹਾ ਕਿ ਗੁਰੂ ਸਾਹਿਬ ਨੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਲਈ ਆਪਣਾ ਬਲੀਦਾਨ ਦੇ ਕੇ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਅਤੇ ਮਾਨਵਤਾ ਦੇ ਆਦਰਸ਼ਕ ਰੂਪ ਵਿੱਚ ਮਾਰਗ ਦਰਸ਼ਨ ਕੀਤਾ।ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ‘ਤੇ ਚੱਲ ਕੇ ਹੀ ਇਕ ਭੈ-ਮੁਕਤ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …