Friday, May 1, 2026

ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਦਿੱਤੀ ਜਾ ਰਹੀ ਹੈ ਪੇਸ਼ੇਵਰ ਸਕੂਲ ਪ੍ਰਬੰਧਨ ਸਿਖਲਾਈ

ਪਠਾਨਕੋਟ, 19 ਅਗਸਤ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪਿਛਲੇ ਕੁੱਝ ਸਾਲਾਂ ਦੌਰਾਨ ਚੁੱਕੇ ਗਏ ਸੁਧਾਰਵਾਦੀ ਕਦਮਾਂ ਨਾਲ ਜਿਥੇ ਢਾਂਚਾਗਤ ਤੇ ਸਹੂਲਤਾਂ ਪੱਖੋਂ ਸਰਕਾਰੀ ਸਕੂਲ ਦੀ ਨੁਹਾਰ ਬਦਲੀ ਹੈ, ਉਥੇ ਸਕੂਲ ਪ੍ਰਬੰਧਨ ਅਤੇ ਗੁਣਾਤਮਕ ਸਿੱਖਿਆ ਲਈ ਵੀ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ।ਜਿਸ ਤਹਿਤ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਉਦਮ ਸਦਕਾ ਵਿਭਾਗ ਵਲੋਂ ਨਵਨਿਯੁੱਕਤ ਸਕੂਲ ਮੁਖੀਆਂ ਨੂੰ ਸਕੂਲ ਪ੍ਰਬੰਧਨ ‘ਚ ਨਿਪੁੰਨ ਬਣਾਉਣ ਦੇ ਮਨਸੂਬੇ ਨਾਲ ‘ਇੰਡੀਅਨ ਸਕੂਲ ਆਫ ਬਿਜ਼ਨਸ’ ਦੇ ਮਾਹਿਰਾਂ ਤੋਂ ਵਿਸ਼ੇਸ਼ ਸਿਖਲਾਈ ਦੇਣ ਦੀ ਮੁਹਿੰਮ ਚਲਾਈ ਹੈ।ਜਿਸ ਅਧੀਨ ਹਾਈ ਸਕੂਲ ਮੁਖੀਆਂ ਨੂੰ ਬੈਚਵਾਈਜ਼ ਆਨਲਾਈਨ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਮੁਹਿੰਮ ਤਹਿਤ ਨਵਨਿਯੁਕਤ 989 ਮੁੱਖ ਅਧਿਆਪਕਾਂ (317 ਰਮਸਾ ਸਕੂਲ ਮੁਖੀ) ਨੂੰ ਪੜਾਅਵਾਰ ਸਕੂਲ ਪ੍ਰਬੰਧਾਂ ਦੀ ਸਿਖਲਾਈ ਦੇ ਦਾਇਰੇ ‘ਚ ਲਿਆਂਦਾ ਜਾਵੇਗਾ।
               ਇਸ ਕੌਮਾਂਤਰੀ ਮਿਆਰਾਂ ਵਾਲੀ ਪੰਜ ਦਿਨਾਂ ‘ਵਰਚੂਅਲ ਟਰੇਨਿੰਗ ਵਰਕਸ਼ਾਪ’ ਦਾ ਮੁੱਖ ਮਨੋਰਥ ਸਕੂਲ ਸੰਚਾਲਨ ਨੂੰ ਸਮੇਂ ਦੇ ਹਾਣ ਦਾ ਬਣਾਉਣਾ ਹੈ।ਪੂਰੀ ਤਰ੍ਹਾਂ ਪੇਸ਼ੇਵਰ ਪਹੁੰਚ ਵਾਲੀ ਉਕਤ ਵਰਕਸ਼ਾਪ ਦੌਰਾਨ ਜਿਥੇ ਸਕੂਲ ਮੁਖੀਆਂ ਦੀ ਸਮੁੱਚੀ ਸ਼ਖਸ਼ੀਅਤ ਨੂੰ ਨਿਖਾਰਨ ਲਈ ਗੁਰ ਦੱਸੇ ਗਏ, ਉਥੇ ਸਕੂਲ ਮੁਖੀਆਂ ‘ਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨਾ ਵੀ ਇਸ ਵਰਕਸ਼ਾਪ ਦਾ ਉਦੇਸ਼ ਰਿਹਾ।ਮੁੱਖੀਆਂ ਨੂੰ ਸਕੂਲ ਦੇ ਲੀਡਰ ਬਣਨ ਦੇ ਨਾਲ-ਨਾਲ ਪ੍ਰੇਰਨਾਸ੍ਰੋਤ ਬਣਨ ਦੀ ਸਿਖਲਾਈ ਵੀ ਦਿੱਤੀ ਗਈ।ਵਰਕਸ਼ਾਪ ਦਾ ਮਨੋਰਥ ਵਿਦਿਆਰਥੀਆਂ ਨੂੰ ਸਰੀਰਿਕ ਤੇ ਮਾਨਸਿਕ ਤੌਰ ‘ਤੇ ਮਜ਼ਬੂਤ ਰੱਖਣਾ ਵੀ ਹੈ।ਇਸ ਵਰਕਸ਼ਾਪ ‘ਚ ਹਿੱਸਾ ਬਣੀ ਪ੍ਰਿੰਸੀਪਲ ਸ੍ਰੀਮਤੀ ਮੀਨਮ ਸ਼ਿਖਾ ਨੇ ਕਿਹਾ ਕਿ ਉਨ੍ਹਾਂ ਨੇ ਮੋਟੀਆਂ ਰਕਮਾਂ ਦੇ ਕੇ ਵੱਖ-ਵੱਖ ਸੰਸਥਾਵਾਂ ਤੋਂ ਮੁਕਾਬਲੇਬਾਜ਼ੀ ਵਾਲੀਆਂ ਪ੍ਰੀਖਿਆਵਾਂ ਲਈ ਸਿਖਲਾਈ ਲਈ ਸੀ, ਪਰ ਉਹ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਮਾਹਿਰਾਂ ਦੀ ਸਿਖਲਾਈ ਦੇ ਨੇੜੇ-ਤੇੜੇ ਵੀ ਨਹੀਂ ਸੀ।
              ਸਰਕਾਰੀ ਹਾਈ ਸਕੂਲ ਸਰਨਾ ਦੇ ਸਕੂਲ ਮੁੱਖੀ ਰਵੀ ਕਾਂਤ ਅਤੇ ਸਰਕਾਰੀ ਹਾਈ ਸਕੂਲ ਫਤਿਹਪੁਰ ਦੇ ਸਕੂਲ ਮੁੱਖੀ ਕਮਲ ਕਿਸ਼ੋਰ ਨੇ ਸਿੱਖਿਆ ਅਧਿਕਾਰੀਆਂ ਦਾ ਧੰਨਵਾਦ ਕੀਤਾ।
              ਸਰਕਾਰੀ ਹਾਈ ਸਕੂਲ ਸਰਾਟੀ ਦੀ ਸਕੂਲ ਮੁੱਖੀ ਦੀਪਿਕਾ ਨੇ ਕਿਹਾ ਕਿ ਇਹ ਬਹੁਤ ਹੀ ਉੱਚ ਦਰਜੇ ਦੀ ਟਰੇਨਿੰਗ ਸੀ, ਜੋ ਹਰ ਸਮੇਂ ਉਸ ਦਾ ਮਾਰਗ ਦਰਸ਼ਨ ਕਰੇਗੀ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …