
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – 60ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਸੂਬਾ ਪੱਧਰੀ ਡੋਜ਼ ਬਾਲ ਦੇ ਮੁਕਾਬਲੇ ਅੱਜ ਸਥਾਨਕ ਡੀ. ਸੀ. ਡੀ. ਏ. ਵੀ. ਸਕੂਲ ਵਿਚ ਬੜੀ ਸ਼ਾਨੋ-ਸ਼ੌਕਤ ਨਾਲ ਆਰੰਭ ਹੋਏ।ਜਿਸ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬਲ ਸਟੇਟ ਐਵਾਰਡੀ ਨੇ ਕੀਤਾ। ਉਨ੍ਹਾਂ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਪੰਜਾਬ ਭਰ ਤੋਂ 16 ਜ਼ਿਲ੍ਹਿਆਂ ਤੋਂ ਪੁੱਜੇ ਵਿਦਿਆਰਥੀਆਂ ਤੋਂ ਮਾਰਚ ਪਾਸਟ ਤੇ ਸਲਾਮੀ ਲਈ। ਇਸ ਤੋਂ ਬਾਅਦ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਫ਼ਾਜ਼ਿਲਕਾ ਜ਼ਿਲ੍ਹੇ ਲਈ ਬੜੀ ਮਾਨ ਵਾਲੀ ਗੱਲ ਹੈ ਕਿ ਪਹਿਲੀ ਵਾਰ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਸੂਬਾ ਪੱਧਰੀ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡਾ. ਯਸ਼ਪਾਲ ਜੱਸੀ ਐਮ.ਡੀ. ਨੇ ਕਿਹਾ ਕਿ ਖੇਡਾਂ ਖੇਡਣ ਨਾਲ ਜਿੱਥੇ ਸਰੀਰ ਤੰਦਰੁਸਤ ਹੁੰਦਾ ਹੈ ਉੱਥੇ ਇਨਸਾਨ ਮਾਨਸਿਕ ਤੌਰ ‘ਤੇ ਵੀ ਵਿਕਸਿਤ ਹੁੰਦਾ ਹੈ।ਪ੍ਰਿੰਸੀਪਲ ਸ੍ਰੀ ਅਸ਼ੋਕ ਚੁਚਰਾ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਵਿਦਿਆਰਥੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ‘ਤੇ ਮੁਬਾਰਕਬਾਦ ਦਿੱਤੀ। ਅੱਜ ਦੇ ਹੋਏ ਮੁਕਾਬਲਿਆਂ ਵਿਚ ਮੋਗਾ, ਲੁਧਿਆਣਾ, ਫ਼ਾਜ਼ਿਲਕਾ, ਬਠਿੰਡਾ, ਸੰਗਰੂਰ ਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਪਹਿਲੇ ਨੰਬਰ ‘ਤੇ ਰਹੀਆਂ। ਇਸ ਮੌਕੇ ਪੰਕਜ ਕੰਬੋਜ ਜ਼ਿਲ੍ਹਾ ਸਹਾਇਕ ਅਫ਼ਸਰ ਖੇਡਾਂ, ਸਹਿਜਪਾਲ ਸਿੰਘ ਤਹਿਸੀਲ ਸਕੱਤਰ,ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਮਨਜਿੰਦਰ ਸਿੰਘ ਅਬੋਹਰ, ਸਰਬਜੀਤ ਸਿੰਘ, ਲਖਵੰਤ ਸਿੰਘ ਤੋਂ ਇਲਾਵਾ ਪ੍ਰਿੰਸੀਪਲ ਓ.ਪੀ. ਜੈਨ, ਕਸ਼ਮੀਰੀ ਲਾਲ ਅਬੋਹਰ, ਕੁਲਵੰਤ ਰਾਏ ਅਬੋਹਰ, ਪ੍ਰਿੰਸੀਪਲ ਵਿਜੈ ਮਿੱਤਲ, ਪਿ?ੰਸੀਪਲ ਸੁਨੀਤਾ ਕਾਲੜਾ, ਜਗਸੀਰ ਕੰਬੋਜ, ਹਰਮੀਤ ਸਿੰਘ, ਪ੍ਰਿੰਸੀਪਲ ਅਤੁੱਲ ਗਰਗ, ਜਗਦੀਸ਼ ਮਦਾਨ, ਪੰਮੀ ਸਿੰਘ, ਨੀਰਜ਼ ਭਾਸਕਰ ਆਦਿ ਹਾਜ਼ਰ ਸਨ। ਇਸ ਮੌਕੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਡਾ. ਬਲ ਵਿਸ਼ੇਸ਼ ਮਹਿਮਾਨਾਂ ਡਾ. ਯਸ਼ਪਾਲ ਜੱਸੀ, ਪ੍ਰੈੱਸ ਕਲੱਬ ਦੇ ਪ੍ਰਧਾਨ ਦਵਿੰਦਰ ਪਾਲ ਸਿੰਘ, ਸਭਿਆਚਾਰਕ ਪ੍ਰੋਗਰਾਮ ‘ਚ ਹਿੱਸਿਆਂ ਲੈਣ ਵਾਲੇ ਬੱਚਿਆਂ, ਵੱਖ ਵੱਖ ਸਕੂਲ ਮੁਖੀਆਂ,ਮਾਰਚ ਪਾਸਟ ‘ਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ।
Punjab Post Daily Online Newspaper & Print Media