Friday, May 23, 2025
Breaking News

ਪਾਕਿਸਤਾਨ ‘ਚ ਗੁਰਦੁਆਰਿਆਂ ਦੀਆਂ ਇਮਾਰਤਾਂ ’ਤੇ ਕਬਜ਼ੇ ਦੀ ਲੌਂਗੋਵਾਲ ਵੱਲੋਂ ਨਿਖੇਧੀ

ਅੰਮ੍ਰਿਤਸਰ, 1 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਅੰਦਰ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦੀ ਹੋਂਦ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ।ਉਨ੍ਹਾਂ ਆਖਿਆ ਹੈ ਕਿ ਪਾਕਿਸਤਾਨ ਅੰਦਰ ਇਤਿਹਾਸਕ ਗੁਰਦੁਆਰਿਆਂ ਨੂੰ ਪੁਲਿਸ ਥਾਣਾ ਅਤੇ ਕਬਰ ਬਣਾਉਣ ਦੀਆਂ ਖ਼ਬਰਾਂ ਨੇ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਪੈਦਾ ਕੀਤਾ ਹੈ।ਪਾਕਿਸਤਾਨ ਸਰਕਾਰ ਸਿੱਖਾਂ ਦੇ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਰਖਵਾਲੀ ਅਤੇ ਸਾਂਭ-ਸੰਭਾਲ ਧਾਰਮਿਕ ਨਜ਼ਰੀਏ ਤੋਂ ਕਰੇ।ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨ ਅੰਦਰ ਗੁਰਦੁਆਰਿਆਂ ’ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਦਾ ਮਾਮਲਾ ਪਾਕਿਸਤਾਨ ਸਰਕਾਰ ਪਾਸ ਉਠਾਏ।ਲੌਂਗੋਵਾਲ ਨੇ ਕਿਹਾ ਕਿ 1947 ਦੀ ਦੇਸ਼ ਵੰਡ ਨਾਲ ਸਿੱਖਾਂ ਦੇ ਸੈਂਕੜੇ ਗੁਰਦੁਆਰੇ ਪਾਕਿਸਤਾਨ ਅੰਦਰ ਰਹਿ ਗਏ ਹਨ, ਪਰੰਤੂ ਇਹ ਵੀ ਨਹੀਂ ਹੋਣਾ ਚਾਹੀਦਾ ਕਿ ਇਤਿਹਾਸਕ ਗੁਰਦੁਆਰਿਆਂ ਦੀਆਂ ਪੁਰਾਤਨ ਇਮਾਰਤਾਂ ਦੀ ਹੋਂਦ ਨੂੰ ਹੀ ਖ਼ਤਮ ਕਰ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਇਨ੍ਹਾਂ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਕਰਨਾ ਪਾਕਿਸਤਾਨ ਸਰਕਾਰ ਦਾ ਫ਼ਰਜ਼ ਹੈ ਅਤੇ ਜਿਹੜੇ ਲੋਕ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ’ਤੇ ਕਬਜ਼ੇ ਕਰ ਰਹੇ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ।
                    ਦੱਸਣਯੋਗ ਹੈ ਕਿ ਪੰਜਾਬੀ ਦੇ ਇਕ ਅਖ਼ਬਾਰ ਵਿੱਚ ਛਪੀ ਖ਼ਬਰ ਅਨੁਸਾਰ ਪਾਕਿਸਤਾਨ ‘ਚ ਸਾਹੀਵਾਲ ਸ਼ਹਿਰ ਦੀ ਗੱਲ੍ਹਾ ਮੰਡੀ ’ਚ ਮੌਜ਼ੂਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਨੂੰ ਪੁਲਿਸ ਥਾਣਾ ਸਿਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਆਦਿ ਨੂੰ ਕੈਦੀਆਂ ਲਈ ਹਿਰਾਸਤ ਵਾਲੀਆਂ ਕੋਠੜੀਆਂ ਵਿੱਚ ਤਬਦੀਲ ਕਰਨ ਦੇ ਨਾਲ-ਨਾਲ ਪ੍ਰਕਾਸ਼ ਅਸਥਾਨ ਨੰ ਮੁੱਖ ਅਧਿਕਾਰੀ ਦੇ ਦਫ਼ਤਰ ਵਜੋਂ ਵਰਤਿਆ ਜਾ ਰਿਹਾ ਹੈ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਨਾਲ ਸਬੰਧਤ ਇਕ ਹੋਰ ਗੁਰਦੁਆਰਾ ਕਿੱਲਾ ਸਾਹਿਬ ਦੀ ਇਮਾਰਤ ਅੰਦਰ ਵੀ ਸਿੱਖ ਮਾਨਤਾਵਾਂ ਦੇ ਵਿਰੁੱਧ ਇੱਕ ਕਬਰ ਬਣਾ ਦਿੱਤੀ ਗਈ ਹੈ।ਭਾਈ ਲਾਲ੍ਹੋ ਜੀ ਨਾਲ ਸਬੰਧਤ ਇੱਕ ਗੁਰਦੁਆਰਾ ਸਾਹਿਬ ’ਤੇ ਵੀ ਇਕ ਪਰਿਵਾਰ ਵੱਲੋਂ ਕਬਜ਼ੇ ਦਾ ਜ਼ਿਕਰ ਹੈ, ਜੋ ਉਥੇ ਪਸ਼ੂ ਬੰਨ੍ਹ ਰਹੇ ਹਨ।

Check Also

ਯੂਨੀਵਰਸਿਟੀ ਦੇ 23 ਵਿਦਿਆਰਥੀਆਂ ਦੀ ਪੰਜਾਬ ਸਰਕਾਰ ‘ਚ ਸਹਾਇਕ ਟਾਊਨ ਪਲੈਨਰ ਵਜੋਂ ਚੋਣ

ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਕਸਬਿਆਂ, ਸ਼ਹਿਰਾਂ ਅਤੇ ਪਿੰਡਾਂ ਦੇ ਸਰਵਪੱਖੀ …