ਕੋਰੋਨਾ ਮੁਕਤ ਹੋਏ 71 ਮਰੀਜ਼ ਪਰਤੇ ਘਰਾਂ ਨੂੰ, ਜਿਲਾ ਅੰਮ੍ਰਿਤਸਰ ‘ਚ ਕੁੱਲ ਐਕਟਿਵ ਕੇਸ 868
ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 168 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 71 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁੱਲ 3360 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ ਐਕਟਿਵ ਕੇਸ 868 ਹਨ।ਉਨਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਐਕਟਿਵ ਕੇਸਾਂ ਦੇ ਗ੍ਰਾਫ ਵਿੱਚ ਗਿਰਾਵਟ ਆ ਸਕੇ।ਉਨਾਂ ਕਿਹਾ ਕਿ ਸਾਨੂੰ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਕਰੋਨਾ ਵਾਈਰਸ ਨੂੰ ਹਰਾ ਸਕਦੇ ਹਾਂ।
ਉਨਾ ਦੱਸਿਆ ਕਿ ਹੁਣ ਤੱਕ 182 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨਾਂ ਦੱਸਿਆ ਕਿ ਅੱਜ 5 ਵਿਅਕਤੀ ਦੀ ਕਰੋਨਾ ਨਾਲ ਮੋਤ ਹੋਈ ਹੈ ਜਿੰਨਾਂ ਵਿੱਚ ਪਿਆਰਾ ਉਮਰ 78 ਸਾਲ ਵਾਸੀ ਸੋਹੀਆਂ ਕਲਾਂ ਬੱਲਾ, ਅਮਰਜੀਤ ਕੌਰ ਉਮਰ 64 ਸਾਲਾ ਵਾਸੀ ਗੁਰੂ ਅਮਰਦਾਸ ਐਵਨਿਊ, ਸੁਭਾਸ਼ ਅਰੋੜਾ ਉਮਰ 70 ਸਾਲ ਵਾਸੀ ਰਣਜੀਤ ਐਵਨਿਊ ਬਲਾਕ ਏ, ਸੁਖਿੰਦਰ ਸਿੰਘ ਉਮਰ 76 ਸਾਲ ਵਾਸੀ ਜੱਟਾਂ ਵਾਲਾ ਬਜ਼ਾਰ ਅਤੇ ਅਜਮੇਰ ਸਿੰਘ ਉਮਰ 62 ਸਾਲ ਵਾਸੀ ਅੰਮ੍ਰਿਤਸਰ ਦਿਹਾਤੀ (ਜੀ.ਐਨ.ਡੀਐਚ) ਸ਼ਾਮਲ ਹਨ।