Friday, May 22, 2026

ਡਾ. ਦਰਿਆ ਦੇ ਅਚਨਚੇਤ ਅਕਾਲ ਚਲਾਣੇ `ਤੇ ਯੂਨੀਵਰਸਿਟੀ ਭਾਈਚਾਰੇ `ਚ ਸੋਗ ਦੀ ਲਹਿਰ

ਅੰਮ੍ਰਿਤਸਰ 4 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਅਤੇ ਉੱਘੇ ਲੋਕਧਾਰਾ ਸ਼ਾਸਤਰੀ ਡਾ. ਦਰਿਆ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ।ਉਹ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਸਨ ਅਤੇ ਅੱਜ ਸਵੇਰੇ ਉਹਨਾਂ ਦੀ ਸਿਹਤ ਵਿਗੜਣ ਉਪਰੰਤ ਉਹਨਾਂ ਦਾ ਦੇਹਾਂਤ ਹੋ ਗਿਆ।ਉਹਨਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਉਹਨਾਂ ਦੇ ਪਰਿਵਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਸਮੁੱਚੇ ਪੰਜਾਬੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
                     ਉੱਘੇ ਵਿਦਵਾਨ ਡਾ. ਦਰਿਆ ਦਾ ਜਨਮ 1 ਅਗਸਤ 1971 ਨੂੰ ਪੰਜਾਬੀ ਲੋਕਧਾਰਾ ਦੇ ਪ੍ਰਤੀਬੱਧ ਖੋਜੀ ਸ਼ਿੰਗਾਰਾ ਆਜੜੀ ਦੇ ਗ੍ਰਹਿ ਵਿਖੇ ਹੋਇਆ ਸੀ।ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚ.ਡੀ ਦੀ ਡਿਗਰੀ ਕਰਨ ਉਪਰੰਤ ਅਧਿਆਪਨ ਦੇ ਖੇਤਰ ਵਿਚ ਪ੍ਰਵੇਸ਼ ਕੀਤਾ।ਉਹਨਾਂ ਦੀ ਪੁਸਤਕ ‘ਸਾਂਸੀ ਕਬੀਲੇ ਦਾ ਸਭਿਆਚਾਰ’ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਪੁਰਸਕਾਰ ਪ੍ਰਾਪਤ ਹੋਇਆ।ਪੰਜਾਬੀ ਸਾਹਿਤ ਅਤੇ ਲੋਕਧਾਰਾ ਸਬੰਧੀ ਉਹਨਾਂ ਨੇ ਇਕ ਦਰਜਨ ਪੁਸਤਕਾਂ ਤੇ ਵੱਡੀ ਗਿਣਤੀ ਵਿਚ ਖੋਜ-ਪੱਤਰ ਲਿਖੇ। ਉਹਨਾਂ ਦਾ ਇਕ ਕਾਵਿ-ਸੰਗ੍ਰਹਿ ‘ਜੰਗਲ ਦੇ ਨਾਲ ਨਾਲ’ ਵੀ ਪ੍ਰਕਾਸ਼ਤ ਹੋਇਆ ਹੈ। ਡੀ.ਏ.ਵੀ ਕਾਲਜ ਅੰਮ੍ਰਿਤਸਰ ਅਤੇ ਬੀ.ਯੂ.ਸੀ ਕਾਲਜ ਬਟਾਲਾ ਵਿਚ ਅਧਿਆਪਨ ਕਰਨ ਉਪਰੰਤ ਉਹ ਮਿਤੀ 23 ਜਨਵਰੀ 2006 ਨੂੰ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਤੌਰ ਲੈਕਚਰਾਰ ਨਿਯੁਕਤ ਹੋਏ।ਉਦੋਂ ਤੋਂ ਉਹ ਇਸੇ ਵਿਭਾਗ ਵਿਚ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਸਨ।
                         ਐਸੋਸੀਏਟ ਪ੍ਰੋਫ਼ੈਸਰ ਵਜੋਂ ਤਰੱਕੀ ਪ੍ਰਾਪਤ ਕਰਨ ਉਪਰੰਤ ਮਿਤੀ 1 ਜਨਵਰੀ 2020 ਨੂੰ ਉਹਨਾਂ ਨੇ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ।ਉਹ ਪੂਰੀ ਪ੍ਰਤੀਬੱਧਤਾ ਨਾਲ ਵਿਭਾਗ ਦੀ ਅਗਵਾਈ ਕਰ ਰਹੇ ਸਨ।ਉਹਨਾਂ ਦੇ ਅਕਾਲ ਚਲਾਣੇ ਨਾਲ ਯੂਨੀਵਰਸਿਟੀ ਦੇ ਸਾਰੇ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਸਦਮੇ ਵਿਚ ਹਨ।ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪੰਜਾਬੀ ਵਿਭਾਗ ਵਿਚ ਕੀਤੀ ਗਈ ਸ਼ੋਕ ਸਭਾ ਵਿਚ ਪ੍ਰੋ. ਡਾ. ਰਮਿੰਦਰ ਕੌਰ, ਡਾ. ਮਨਜਿੰਦਰ ਸਿੰਘ, ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ, ਡਾ. ਪਵਨ ਕੁਮਾਰ ਅਤੇ ਡਾ. ਇੰਦਰਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …