Wednesday, July 16, 2025
Breaking News

ਜੰਮੂ ਕਸ਼ਮੀਰ ‘ਚ ਕੇਂਦਰ ਨੇ ਪੰਜਾਬੀ ਭਾਸ਼ਾ ਨਾਲ ਵਿਤਕਰੇ ਵਾਲੀ ਭਾਵਨਾ ਉਜਾਗਰ ਕੀਤੀ – ਘੁੰਮਣ

ਪੈਰਿਸ/ ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਜੰਮੂ ਕਸ਼ਮੀਰ ਵਿੱਚ ਨਵੀਆਂ ਹੱਦ ਬੰਦੀਆਂ ਤੋ ਬਾਅਦ ਸਰਕਾਰੀ ਭਾਸ਼ਾਵਾਂ ਨੂੰ ਲਾਗੂ ਕਰਨ ਵੇਲੇ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਵਿਚ ਸ਼ਾਮਲ ਨਾ ਕਰਕੇ ਕੇਂਦਰ ਸਰਕਾਰ ਨੇ ਵਿਤਕਰੇ ਵਾਲੀ ਭਾਵਨਾ ਅਤੇ ਮਨਸ਼ਾ ਉਜਾਗਰ ਕੀਤੀ ਹੈ।ਜਿਸ ਦਾ ਸਖਤ ਰੋਸ ਜੰਮੂ ਕਸ਼ਮੀਰ ਦੇ ਪੰਜਾਬੀ ਭਾਈਚਾਰੇ ਵਿੱਚ ਵੇਖਿਆ ਜਾ ਰਿਹਾ ਹੈ। ਇਥੇ ਭੇਜੀ ਈਮੇਲ ਵਿੱਚ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਯੂਰਪ ਦੇ ਪ੍ਰਧਾਨ ਦਲਵਿੰਦਰ ਸਿੰਘ ਘੁੰਮਣ ਨੇ ਕਿਹਾ ਹੈ ਕਿ ਇਸ ਖਿੱਤੇ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਹੈ।ਇਥੇ ਹੀ ਪਹਿਲਾਂ ਪੰਜਾਬੀ ਭਾਸ਼ਾ ਸਰਕਾਰੀ ਜ਼ੁਬਾਨ ਵਜੋਂ ਦਰਜ਼ ਹੈ।ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਦੇ ਕੁੰਭਕਰਨੀ ਨੀਂਦ ਸੌਣ ਅਤੇ ਸਾਹਿਤ ਨਾਲ ਸਬੰਧਤ ਸਭਾਵਾਂ, ਬੁੱਧੀਜੀਵੀਆਂ, ਵਿਦਵਾਨਾਂ ਤੇ ਪ੍ਰੋਫੈਸਰਾਂ ਦਾ ਅੱਗੇ ਆ ਕੇ ਪੰਜਾਬੀ ਜ਼ੁਬਾਨ ਲਈ ਯੋਗ ਕਰਵਾਈ ਲਈ ਸਰਕਾਰ ਅੱਗੇ ਰੋਸ ਤੱਕ ਦਰਜ਼ ਨਾ ਕਰਵਾਉਣਾ ਅਤਿ ਚਿੰਤਾਜਨਕ ਹੈ।
                ਉਨਾਂ ਕਿਹਾ ਕਿ ਇਸ ਤੋ ਪਹਿਲਾ ਕੇਂਦਰ ਸ਼ਾਸ਼ਿਤ ਚੰਡੀਗੜ੍ਹ ਵਿੱਚ ਵੀ ਕੇਂਦਰੀ ਗ੍ਰਹਿ ਮੰਤਰੀ ਵਲੋਂ ਪੰਜਾਬੀ ਲਾਗੂ ਕਰਨ ਤੋ ਕੋਰੀ ਨਾਂਹ ਕਰ ਦਿੱਤੀ ਗਈ ਸੀ।ਇਸ ਤਰ੍ਹਾਂ ਸਦੀਆਂ ਪੁਰਾਣੀਆਂ ਭਾਸ਼ਾਵਾਂ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।ਦੁਨੀਆਂ ਵਿਚੋਂ ਅਲੋਪ ਹੋ ਰਹੀਆਂ ਪੁਰਾਣੀਆਂ ਵਿਰਾਸਤੀ, ਸਭਿਆਚਾਰਕ, ਭਾਸ਼ਾਵਾਂ ਨੂੰ ਸਾਂਭਣ ਲਈ ਯਤਨ ਕਰਨੇ ਜਰੂਰੀ ਹਨ।
                ਘੁੰਮਣ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਨੇ ਬਹੁਤ ਨਾਮਵਰ ਸੂਫੀ, ਕਵੀ, ਸ਼ਾਇਰ ਪੈਦਾ ਕੀਤੇ।ਪੰਜਾਬੀ ਦਾ ਇਤਿਹਾਸ ਦੁਨੀਆਂ ਦੀਆਂ ਸਦੀਆਂ ਪੁਰਾਣੀਆਂ ਭਾਸ਼ਾਵਾਂ ਵਿੱਚ ਸ਼ੁਮਾਰ ਤੇ ਵੱਡੀਆਂ ਕਦਰਾਂ ਕੀਮਤਾਂ ਹਨ।ਇਹ ਬਹੁਤ ਤਹਿਜ਼ੀਬੀ ਜ਼ੁਬਾਨ ਹੈ।ਗੁਰੂਆਂ ਨੇ ਪੰਜਾਬੀ ਦਾ ਪਹੁ ਫੁੱਟਾਲਾ ਕੀਤਾ।ਗੁਰੂ ਦੇ ਮੁੱਖ ਦੀ ਗੁਰੂ-ਮੁਖੀ ਬਣੀ ਅਤੇ ਗ੍ਰੰਥਾਂ ਦੀ ਰਚਨਾ ਹੋਈ।ਵਿਦੇਸ਼ਾਂ ਵਿੱਚ ਵੀ ਪੰਜਾਬੀ ਜ਼ੁਬਾਨ ਨੂੰ ਯੋਗ ਸਥਾਨ ਦਿਵਾਉਣ ਵਿੱਚ ਯੋਗ ਉਪਰਾਲੇ ਕੀਤੇ ਜਾ ਰਹੇ ਹਨ।ਉਨਾਂ ਪੰਜਾਬੀ ਸਾਹਿਤਕ ਲੋਕਾਂ, ਪੱਤਰਕਾਰਾਂ, ਲੇਖਕਾਂ, ਅਖਬਾਰਾਂ, ਸਬੰਧਤ ਅਦਾਰਿਆਂ ਨੂੰ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਯੋਗ ਥਾਂ ਦੇ ਕੇ ਬਣਦਾ ਹੱਕ ਦਿਵਾਉਣ ਲਈ ਯਤਨਸ਼ੀਲ ਹੋਣ ਦੀ ਅਪੀਲ ਕੀਤੀ ਹੈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …