Friday, September 20, 2024

ਸਰਹੱਦੀ ਪੱਟੀ ਤੇ ਵੱਲਾ ਖੇਤਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਔਜਲਾ ਵੱਲੋਂ ਰੱਖਿਆ ਮੰਤਰੀ ਨਾਲ ਮੁਲਾਕਾਤ

ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਸਰਹੱਦੀ ਪੱਟੀ ਅਤੇ ਵੱਲਾ ਖੇਤਰ ਦੀਆਂ ਸਮੱਸਿਆਵਾਂ, ਜੋ ਕਿ ਫੌਜ ਵੱਲੋਂ ਲਗਾਈਆਂ ਗਈਆਂ ਰੋਕਾਂ ਕਾਰਨ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਲੱਖਾਂ ਲੋਕਾਂ ਦੇ ਰੋਜ਼ਮਰਾ ਜੀਵਨ ਵਿੱਚ ਮੁਸ਼ਿਕਲਾਂ ਖੜੀਆਂ ਕਰ ਰਹੀਆਂ ਹਨ, ਦੇ ਹੱਲ ਲਈ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਅੱਜ ਨਵੀਂ ਦਿੱਲੀ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ।ਉਨਾਂ ਨੇ ਦੱਸਿਆ ਕਿ ਵੱਲਾ ਸਬਜ਼ੀ ਮੰਡੀ ਜੋ ਕਿ ਸਰਹੱਦੀ ਪੱਟੀ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ।ਜਿਸ ਵਿਚ ਸ਼ੈਡ ਦਾ ਕੰਮ ਕਰਵਾਇਆ ਜਾਣਾ ਹੈ, ਪਰ ਫੌਜ ਵੱਲੋਂ ਇਹ ਉਸਾਰੀ ਕਰਨ ਨਹੀਂ ਦਿੱਤੀ ਜਾ ਰਹੀ। ਇਸੇ ਤਰਾਂ ਵੱਲਾ ਫਾਟਕ ਉਤੇ ਨਗਰ ਸੁਧਾਰ ਟਰੱਸਟ ਅੰਮਿ੍ਰਤਸਰ ਵੱਲੋਂ ਰੇਲਵੇ ਓਵਰ ਬ੍ਰਿਜ ਬਣਾਉਣ ਦੀ ਤਜਵੀਜ਼ ਹੈ, ਪਰ ਫੌਜ ਆਪਣਾ ਖੇਤਰ ਨੇੜੇ ਪੈਂਦਾ ਹੋਣ ਕਾਰਨ ਇਹ ਉਸਾਰੀ ਵੀ ਨਹੀਂ ਕਰਨ ਦੇ ਰਹੀ।ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਵੱਲਾ ਵਿਚ ਰਾਜ ਸਰਕਾਰ ਵੱਲੋਂ ਹੋਰ ਕਮਰਿਆਂ ਦੀ ਉਸਾਰੀ ਲਈ ਗਰਾਂਟ ਭੇਜੀ ਗਈ ਹੈ, ਪਰ ਇਹ ਕੰਮ ਵੀ ਫੌਜ ਕਰਨ ਨਹੀਂ ਦੇ ਰਹੀ ਇਸ ਲਈ ਵਿਭਾਗ ਵੱਲੋਂ ਇਤਰਾਜ਼ ਨਹੀਂ ਦੇ ਸਰਟੀਫਿਕੇਟ ਦੀ ਲੋੜ ਹੈ।ਉਨਾਂ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ, ਜੋ ਕਿ ਇੰਨਾਂ ਕੰਮਾਂ ਨੂੰ ਲੈ ਕੇ ਬੜੇ ਉਤਸ਼ਾਹਿਤ ਹਨ, ਨੇ ਇਹ ਸਾਰੇ ਕੰਮ ਉਨਾਂ ਧਿਆਨ ਵਿੱਚ ਲਿਆਂਦੇ ਹਨ, ਜਿਸ ਲਈ ਰੱਖਿਆ ਮੰਤਰਾਲੇ ਤੋਂ ਪ੍ਰਵਾਨਗੀ ਦੀ ਲੋੜ ਹੈ।ਉਨਾਂ ਦੱਸਿਆ ਕਿ ਇਸੇ ਤਰਾਂ ਰਣਜੀਤ ਐਵਨਿਊ ਵਿਚ 97 ਏਕੜ ਸਕੀਮ ਵਿਚ ਏਅਰ ਫੋਰਸ ਦੇ ਕੁਆਰਟਰ ਨੇੜੇ 100 ਮੀਟਰ ਤੱਕ ਉਸਾਰੀ ਨਹੀਂ ਕਰਨ ਦਿੱਤੀ ਜਾ ਰਹੀ, ਜਦਕਿ ਕਾਨੂੰਨ ਅਨੁਸਾਰ 10 ਮੀਟਰ ਦੀ ਦੂਰੀ ਦੀ ਲੋੜ ਹੈ।ਉਨਾਂ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਰੱਖਿਆ ਮੰਤਰਾਲੇ ਕੋਲੋਂ ਸਹਿਯੋਗ ਦੀ ਮੰਗ ਕੀਤੀ।
                   ਇਸ ਦੇ ਨਾਲ ਹੀ ਔਜਲਾ ਨੇ ਸਰਹੱਦ ਉਪਰ ਕਈ ਥਾਵਾਂ ‘ਤੇ ਗਲਤ ਢੰਗ ਨਾਲ ਲਗਾਈ ਗਈ ਕੰਡਿਆਲੀ ਤਾਰ ਜੋ ਕਿ ਕਈ ਕਿਸਾਨਾਂ ਨੂੰ ਜ਼ਮੀਨ ਉਤੇ ਖੇਤੀ ਕਰਨ ਵਿਚ ਅੜਚਣਾ ਪੈਦਾ ਕਰ ਰਹੀ ਹੈ, ਨੂੰ ਠੀਕ ਕਰਨ ਦੀ ਮੰਗ ਵੀ ਕੀਤੀ।ਉਨਾਂ ਕਿਹਾ ਕਿ ਇਸ ਗਲਤੀ ਦਾ ਖਮਿਆਜ਼ਾ ਸਾਡੇ ਕਈ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਉਹ ਇਨਾਂ ਜ਼ਮੀਨਾਂ ਉਤੇ ਖੇਤੀ ਵੀ ਨਹੀਂ ਕਰ ਸਕਦੇ ਅਤੇ ਸਰਕਾਰ ਵੱਲੋਂ ਇਸ ਲਈ ਕੋਈ ਮੁਆਵਜ਼ਾ ਵੀ ਕਿਸਾਨ ਨੂੰ ਨਹੀਂ ਮਿਲ ਰਿਹਾ।ਇਸ ਤੋਂ ਇਲਾਵਾ ਸਰਹੱਦੀ ਖੇਤਰ ਵਿਚ ਪੈਂਦੇ ਕਈ ਪੁੱਲ ਅਤੇ ਪੁਲੀਆਂ ਬਣਨ ਵਾਲੇ ਹਨ, ਜਿੰਨਾਂ ਉਤੇ ਫੌਜ ਵੱਲੋਂ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਰਹੀ।ਔਜਲਾ ਨੇ ਮੰਗ ਕੀਤੀ ਕਿ ਜੇਕਰ ਫੌਜ ਵਲੋਂ ਸਹਿਯੋਗ ਮਿਲੇ ਤਾਂ ਸਰਹੱਦੀ ਖੇਤਰ ਦੇ ਪੁੱਲ ਆਦਿ ਚੌੌੜੇ ਕੀਤੇ ਜਾ ਸਕਦੇ ਹਨ।
                            ਉਕਤ ਮੁਲਕਾਤ ਮਗਰੋਂ ਔਜਲਾ ਨੇ ਦੱਸਿਆ ਕਿ ਰਾਜਨਾਥ ਸਿੰਘ ਨੇ ਸਾਰੇ ਮਸਲੇ ਬੜੇ ਧਿਆਨ ਨਾਲ ਸੁਣੇ ਅਤੇ ਇਨਾਂ ਦੇ ਛੇਤੀ ਹੱਲ ਦਾ ਭਰੋਸਾ ਵੀ ਦਿੱਤਾ ਹੈ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …