ਡਾਕਟਰਾਂ ਦੀ ਕਮੀ ਨੂੰ ਜ਼ਲਦ ਪੂਰਾ ਕਰ ਲਿਆ ਜਾਵੇਗਾ – ਸਿੱਧੂ
ਧੂਰੀ, 3 ਅਕਤੂਬਰ (ਪ੍ਰਵੀਨ ਗਰਗ) – ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਅਚਾਨਕ ਸਿਵਲ ਹਸਪਤਾਲ ਧੂਰੀ ਦਾ ਦੌਰਾ ਕਰਕੇ ਹਸਪਤਾਲ ਦੇ ਪ੍ਰਬੰਧਾਂ ਦਾ
ਜਾਇਜ਼ਾ ਲਿਆ ਅਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਸੁਣੀਆਂ।ਸਿੱਧੂ ਦੀ ਕੁੱਝ ਕੁ ਮਿੰਟਾਂ ਦੀ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਿਵਲ ਹਸਪਤਾਲ ਧੂਰੀ ਵਿਖੇ ਡਾਕਟਰਾਂ ਦੀ ਭਾਰੀ ਕਮੀ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ 428 ਨਵੇਂ ਸਪੈਸ਼ਲਿਸਟ ਡਾਕਟਰਾਂ ਅਤੇ 500 ਮੈਡੀਕਲ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ।ਜਿੰਨਾਂ ਨੂੰ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਕਰਕੇ ਡਾਕਟਰਾਂ ਦੀ ਕਮੀ ਪੂਰੀ ਕੀਤੀ ਜਾਵੇਗੀ।
ਉਹਨਾਂ ਸਰਕਾਰੀ ਹਸਪਤਾਲਾਂ ਦੇ ਸਾਰੇ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਅੱਜ ਪੰਜਾਬ ਵਿੱਚ ਰਾਹੁਲ ਗਾਂਧੀ ਦੇ ਦੌਰੇ ਕਾਰਨ ਜਿਆਦਾ ਸਮਾਂ ਨਹੀਂ ਦੇ ਸਕਦੇ।ਕੋਰੋਨਾ ਮਹਾਂਮਾਰੀ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਸਮੂਹ ਸਟਾਫ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਇਸ ਬੀਮਾਰੀ ਨਾਲ ਲੜਾਈ ਲੜੀ ਗਈ ਹੈ।ਜਿਸ ਕਾਰਨ ਅੱਜ ਕੋਰੋਨਾ ਪਾਜ਼ਟਿਵ ਮਰੀਜ਼ਾਂ ਦੇ ਤੰਦਰੁਸਤ ਹੋਣ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋਂ ਇਹ ਬੀਮਾਰੀ ਲਗਭਗ ਖਤਮ ਹੋ ਜਾਵੇਗੀ।ਉਹਨਾਂ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਵਿਰੋਧੀ ਪਾਸ ਕੀਤੇ ਬਿਲਾਂ ਦੇ ਖਿਲਾਫ ਕਿਸਾਨਾਂ ਦੇ ਹੱਕ ਵਿੱਚ ਉਹ ਪੰਜਾਬ ਭਰ ਵਿੱਚ ਰੋਸ ਰੈਲੀਆਂ ਕਰਨਗੇ।
ਇਸ ਮੌਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਮੁਨੀਸ਼ ਗਰਗ, ਕਾਂਗਰਸ ਸਕੱਤਰ ਨਰੇਸ਼ ਕੁਮਾਰ ਮੰਗੀ, ਬਲਾਕ ਪ੍ਰਧਾਨ ਕੁਨਾਲ ਗਰਗ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਬਾਂਸਲ, ਕੌਂਸਲਰ ਦਰਸ਼ਨ ਕੁਮਾਰ ਦਰਸ਼ੀ, ਕੌਂਸਲਰ ਪੁਸ਼ਪਿੰਦਰ ਸ਼ਰਮਾ, ਸੁਰੇਸ਼ ਬਾਂਸਲ, ਰਕੇਸ਼ ਕੁਮਾਰ, ਰੋਮੀ ਸਿੰਗਲਾ, ਰਾਜੇਸ਼ ਸਿੰਗਲਾ ਸ਼ੈਂਟੀ ਅਤੇ ਰਾਜਿੰਦਰ ਲੱਧੜ ਆਦਿ ਹਾਜ਼ਰ ਸਨ।
Punjab Post Daily Online Newspaper & Print Media