ਜਿਲ੍ਹੇ ਵਿਚ 103 ਖੇਡ ਮੈਦਾਨ ਤਿਆਰ ਕੀਤੇ ਜਾਣਗੇ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ
150 ਖੇਡ ਸਟੇਡੀਅਮਾਂ ਅਤੇ ਖੇਡ ਮੈਦਾਨਾਂ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਉਸ ਤਹਿਤ ਅੰਮ੍ਰਿਤਸਰ ਜਿਲ੍ਹੇ ਵਿਚ ਅੱਜ 9 ਖੇਡ ਮੈਦਾਨਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਖੇਡ ਸਟੇਡੀਅਮਾਂ ਦੇ ਆਨਲਾਈਨ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਦੱਸਿਆ ਕਿ ਪੰਜਾਬ ਭਰ ਵਿਚ 750 ਖੇਡ ਸਟੇਡੀਅਮ ਬਨਾਉਣ ਦਾ ਟੀਚਾ ਮਿੱਥਿਆ ਗਿਆ ਹੈ। ਜਿੰਨਾ ਵਿਚੋਂ ਅੰਮ੍ਰਿਤਸਰ ਜਿਲ੍ਹੇ ਵਿੱਚ ਕੁੱਲ 103 ਖੇਡ ਮੈਦਾਨ ਤਿਆਰ ਕੀਤੇ ਜਾਣੇ ਹਨ ਅਤੇ ਇਨਾਂ ਥਾਵਾਂ ਦੀ ਸ਼ਨਾਖਤ ਵੀ ਕੀਤੀ ਜਾ ਚੁੱਕੀ ਹੈ।ਇੰਨਾਂ ਵਿਚੋਂ 93 ਖੇਡ ਸਟੇਡੀਅਮਾਂ-ਕਮ-ਖੇਡ ਮੈਦਾਨਾਂ ਦਾ ਕੰਮ ਚੱਲ ਰਿਹਾ ਹੈ।ਉਨਾਂ ਦੱਸਿਆ ਕਿ ਇਸ ਵਿੱਤੀ ਵਰ੍ਹੇ ਦੌਰਾਨ ਹੀ ਹਰੇਕ ਬਲਾਕ ਵਿਚ 5-5 ਖੇਡ ਮੈਦਾਨਾਂ ਦੀ ਉਸਾਰੀ ਕਰਵਾਈ ਜਾਣੀ ਹੈ।ਇਸ ਤਰਾਂ ਅੰਮ੍ਰਿਤਸਰ ਦੇ 9 ਬਲਾਕਾਂ ਵਿੱਚ 45 ਖੇਡ ਮੈਦਾਨ ਇਸੇ ਵਰ੍ਹੇ ਪੂਰੇ ਕਰ ਲਏ ਜਾਣਗੇ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਜਿੰਨਾਂ ਪੰਚਾਇਤਾਂ ਵਿੱਚ ਖੇਡ ਮੈਦਾਨ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਉਨਾਂ ਵਿਚ ਨੰਗਲ ਵੰਝਵਾਲਾ, ਬੱਚੀਵਿੰਡ, ਉਗਰ ਔਲਖ, ਰੱਖ ਦੇਵੀਦਾਸਪੁਰਾ, ਚੋਗਾਵਾਂ ਰੂਪੋਵਾਲ, ਨੰਗਲੀ ਕਲਾਂ, ਰਾਏਪੁਰ ਖੁਰਦ, ਬੱਲ ਕਲਾਂ ਅਤੇ ਧੰਨੋਕੇ ਖੁਰਦ ਸ਼ਾਮਿਲ ਹਨ।ਉਨਾਂ ਦੱਸਿਆ ਕਿ ਇੰਨਾਂ ਖੇਡ ਮੈਦਾਨਾਂ ਦੀ ਤਿਆਰੀ ‘ਤੇ 70 ਲੱਖ ਰੁਪਏ ਦੇ ਕਰੀਬ ਲਾਗਤ ਆਉਣ ਦਾ ਅਨੁਮਾਨ ਹੈ ਅਤੇ ਇਹ ਖੇਡ ਮੈਦਾਨ ਅਗਲੇ ਕੁੱਝ ਮਹੀਨਿਆਂ ਵਿਚ ਹੀ ਪੂਰੇ ਕਰ ਲਏ ਜਾਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐਸ.ਡੀ.ਐਮ ਵਿਕਾਸ ਹੀਰਾ, ਜਿਲ੍ਹਾ ਪੰਚਾਇਤ ਅਧਿਕਾਰੀ ਗੁਰਪ੍ਰੀਤ ਸਿੰਘ ਗਿੱਲ, ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media