Tuesday, August 11, 2026

ਕਿਸਾਨਾਂ ਨੂੰ ਪਰਾਲੀ ਸਾੜਣੋਂ ਰੋਕਣ ਲਈ ਪੁਲਿਸ ਨਾਲ ਜਾਣ ਸਾਂਝੀਆਂ ਟੀਮਾਂ – ਡਿਪਟੀ ਕਮਿਸ਼ਨਰ

ਕਿਹਾ ਜਿਲ੍ਹੇ ਦੇ 45 ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ‘ਤੇ ਰੱਖੀ ਜਾਵੇ ਬਾਜ਼ ਅੱਖ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਤੱਕ ਜਾਣ ਵਾਲੀਆਂ ਟੀਮਾਂ, ਜਿਸ ਵਿਚ ਖੇਤੀ, ਪ੍ਰਦੂਸ਼ਣ, ਮਾਲ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਸ਼ਾਮਿਲ ਹਨ, ਨਾਲ ਪੁਲਿਸ ਦੇ ਜਵਾਨ ਵੀ ਜਾਣ, ਤਾਂ ਜੋ ਹਰ ਹਾਲਤ ਵਿਚ ਕਿਸਾਨ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ।ਐਸ.ਡੀ.ਐਮ, ਖੇਤੀਬਾੜੀ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਇਸ ਮੁੱਦੇ ‘ਤੇ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿਘ ਖਹਿਰਾ ਨੇ ਸਪੱਸ਼ਟ ਕੀਤਾ ਕਿ ਉਪਗ੍ਰਹਿ ਤੋਂ ਆਈ ਜਾਣਕਾਰੀ ਵਿੱਚ ਜਿਲ੍ਹੇ ਅੰਦਰ ਪਰਾਲੀ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ।ਸਬੰਧਤ ਇਲਾਕੇ ਦੀ ਪਾਰਟੀ ਹਰ ਹਾਲਤ ਵਿੱਚ ਉਥੇ ਪਹੁੰਚਣੀ ਚਾਹੀਦੀ ਹੈ ਅਤੇ ਜੇਕਰ ਸਬੰਧਤ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਸਬੂਤ ਮਿਲਦੇ ਹਨ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਜੋ ਵੀ ਟੀਮ ਸੰਬਧਤ ਸਥਾਨ ਉਤੇ ਪਹੁੰਚਣ ਤੋਂ ਨਾਕਾਮ ਰਹੀ, ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਖਹਿਰਾ ਨੇ ਜਿਲ੍ਹਾ ਪੁਲਿਸ ਦਿਹਾਤੀ ਧੁਰਵ ਦਾਹੀਆ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦੀਆਂ ਟੀਮਾਂ ਦੇ ਨਾਲ ਪੁਲਿਸ ਦੇ ਜਵਾਨਾਂ ਦੀ ਡਿਊਟੀ ਵੀ ਲਗਾਉਣ।
                   ਖਹਿਰਾ ਨੇ ਕਿਹਾ ਕਿ ਪਿਛਲੇ ਸਾਲ ਲੱਗੀ ਅੱਗ ਦੌਰਾਨ ਜਿਲ੍ਹੇ ਵਿਚ 45 ਖੇਤਰਾਂ ਦੀ ਸ਼ਨਾਖਤ ਹਾਟ-ਸਪਾਟ ਵਜੋਂ ਕੀਤੀ ਗਈ ਹੈ ਅਤੇ ਉਨਾਂ ਖੇਤਰਾਂ ਉਤੇ ਬਾਜ਼ ਅੱਖ ਰੱਖੀ ਜਾਵੇ, ਕਿਉਂਕਿ ਕਿਸਾਨ ਆਦਤ ਵੱਸ ਪਰਾਲੀ ਨੂੰ ਅੱਗ ਲਗਾਉਣ ਲਈ ਮਜ਼ਬੂਰ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਮੁੱਦੇ ‘ਤੇ ਬਹੁਤ ਗੰਭੀਰ ਹਨ ਅਤੇ ਸਰਕਾਰ ਕੋਵਿਡ-19 ਸੰਕਟ ਕਾਰਨ ਪੈਦਾ ਹੋਈ ਵਿੱਤੀ ਸਥਿਤੀ ਦੇ ਬਾਵਜ਼ੂਦ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਬਸਿਡੀ ‘ਤੇ ਮਸ਼ੀਨਾਂ ਦੇ ਰਹੀ ਹੈ।ਇੰਨੀ ਸਹੂਲਤ ਦੇ ਬਾਵਜ਼ੂਦ ਵੀ ਜੇਕਰ ਕੋਈ ਕਿਸਾਨ ਅੱਗ ਲਗਾਉਣ ਦੀ ਗਲਤੀ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਉਨਾਂ ਸਾਰੀਆਂ ਟੀਮਾਂ ਨੂੰ ਅਗਲੇ 15 ਦਿਨ ਤੱਕ ਮੁਸਤੈਦੀ ਨਾਲ ਆਪਣੇ-ਆਪਣੇ ਇਲਾਕੇ ਵਿੱਚ ਡਟਣ ਦੀ ਹਦਾਇਤ ਕੀਤੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …