ਆਰਕੀਟੈਕਚਰਾਂ ਦੀ ਸ਼ਾਹਕਾਰ ਰਚਨਾ ਹੈ ਇਹ ‘ਗੋਲਡਨ ਟੈਂਪਲ ਐਂਟਰਸ ਪਲਾਜ਼ਾ’- ਬਾਦਲ
ਅੰਮ੍ਰਿਤਸਰ, 22 ਅਕਤੂਬਰ ( ਸੁਖਬੀਰ ਸਿੰਘ ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਤੇ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਭਾਰਤ ਸਰਕਾਰ ਵਲੋਂ ਅੱਜ ‘ਗੋਲਡਨ ਟੈਂਪਲ ਪਲਾਜ਼ਾ’ ਪੂਰੀ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ।
ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ 130 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਗੋਲਡਨ ਟੈਂਪਲ ਐਂਟਰਸ ਪਲਾਜ਼ਾ’ ਸਬੰਧੀ ਸੰਖੇਪ ਪਰ ਪ੍ਰਭਾਵਸ਼ਾਲੀ ਕਰਵਾਏ ਗਏ ਸਮਾਗਮ ਦੌਰਾਨ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਸ ਮਹਾਨ ਅਸਥਾਨ ‘ਤੇ ਉਸਾਰਿਆ ਗਿਆ ‘ਗੋਲਡਨ ਟੈਪਂਲ ਪਲਾਜਾ ਸਾਰੀ ਮਨੁੱਖਤਾ ਨੂੰ ਸਮਰਪਿਤ ਹੈ ਅਤੇ ਇਸ ਪਾਵਨ ਅਸਥਾਨ ਤੋਂ ਇਹੀ ਸੁਨੇਹਾ ਜਾਂਦਾ ਹੈ ਕਿ ਸਾਰੀ ਮਨੁੱਖਤਾ ਦਾ ਭਲਾ ਹੋਵੇ। ਉਨਾਂ ਕਿਹਾ ਕਿ ਇੰਜੀਨੀਅਰਾਂ ਵਲੋਂ ਉਸਾਰਿਆ ਗਿਆ ਇਹ ਪਲਾਜ਼ਾ ਇਕ ਸ਼ਾਹਕਾਰ ਰਚਨਾ ਹੈ। ਉਨਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਗਏ ਵਿਸ਼ੇਸ ਯਤਨਾਂ ਸਦਕਾ ਇਸ ਪਲਾਜ਼ੇ ਨੂੰ ਮੁਕੰਮਲ ਕਰਨ ਵਿਚ ਕਾਮਯਾਬੀ ਮਿਲੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਲਈ ਅੱਜ ਖੁਸ਼ਕਿਸਮਤ ਵਾਲਾ ਦਿਨ ਹੈ ਕਿ ਉਨਾਂ ਦੇ ਹਿੱਸੇ ਇਸ ਪਵਿੱਤਰ ਅਸਥਾਨ ‘ਤੇ ਇਸ ਪਲਾਜੇ ਨੂੰ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ।
ਸ. ਬਾਦਲ ਨੇ ਦੁਹਰਾਇਆ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਵਿਰਸੇ ਤੇ ਸੱਭਿਆਚਰ ਨੂੰ ਸੰਭਾਲਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਵੇਗੀ । ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੇ-ਏ ਖਾਲਸਾ, ਮੁਹਾਲੀ ਵਿਖੇ ਚੱਪੜਚਿੜੀ ਵਾਰ ਮੈਮੋਰੀਅਲ, ਸੰਗਰੂਰ ਤੇ ਗੁਰਦਾਸਪੁਰ ਜ਼ਿਲਿਆਂ ਅੰਦਰ ਕ੍ਰਮਵਾਰ ਵੱਡਾ ਤੇ ਛੋਟਾ ਘੱਲੂਘਾਰਾ ਦੀਆਂ ਇਤਿਹਾਸਕ ਯਾਦਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ ਅੰਮ੍ਰਿਤਸਰ ਵਿਖੇ ਹੀਰੋ ਵਾਰ ਮੈਮੋਰੀਅਲ ਅਤੇ ਕਰਤਾਰ ਪੁਰ (ਜਲੰਧਰ) ਵਿਖੇ 2 ਜੰਗੇ-ਏ-ਅਜ਼ਾਦੀ ਦੀ ਯਾਦ ਵਿਚ ਇਤਿਹਾਸਕ ਇਮਾਰਤਾਂ ਦੀ ਉਸਾਰੀ ਸ਼ੁਰੂ ਕਰਵਾਈ ਗਈ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂਆ, ਪੀਰਾਂ ਤੇ ਸੰਤ ਮਹਾਂਪੁਰਸਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤਹਿਤ ਸਮਾਜ ਅੰਦਰ ਲੋਕ ਭਲਾਈ ਲਈ ਕਾਰਜਸ਼ੀਲ ਹੈ । ਉਨਾਂ ਕਿਹਾ ਹਰੇਕ ਧਰਮ ਦੇ ਸਤਿਕਾਰ ਲਈ ਉਨਾਂ ਸਬੰਧਿਤ ਇਤਿਹਾਸਕ ਸਥਾਨਾਂ ਦੀ ਉਸਾਰੀ ਕਰਵਾਈ ਹੈ। ਉਨਾਂ ਇਸ ਪਾਲਜੇ ਨੂੰ ਮੁਕੰਮਲ ਕਰਨ ਵਿਚ ਮਜ਼ੂਦੂਰਾਂ, ਇੰਜੀਨੀਅਰਾਂ ਤੇ ਹਰੇਕ ਉਸ ਵਿਅਕਤੀ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਆਪਣੇ ਸੰਬੋਧਨ ਵਿਚ ਸੇਵਾ ਦੀ ਮਹਾਤਮਾ ਬਾਰੇ ਚਾਨਣਾ ਪਾਉਦਿਆਂ ਸ. ਬਾਦਲ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਹਰਨਾਮ ਸਿੰਘ ਧੁੰਨਾ ਮੁਖੀ ਦਮਦਮੀ ਟਕਸਾਲ, ਸ੍ਰੀ ਮਨਜੀਤ ਸਿੰਘ ਜੀ.ਕੇ ਪ੍ਰਧਾਨ ਡੀ.ਐਸ.ਜੀ.ਐਮ.ਸੀ ਨੇ ਵੀ ਸੰਗਤਾਂ ਸੰਬੋਧਨ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਇਕ ਸਵਾਲ ਦੇ ਜਵਾਬ ਵਿਚ ਆਸ ਪ੍ਰਗਟਾਈ ਕਿ ਕ ਕੇਂਦਰ ਸਰਕਾਰ ਵਲੋਂ ਜਲਦ ਹੀ ਅੰਮ੍ਰਿਤਸਰ ਸ਼ਹਿਰ ਨੂੰ ‘ਸਮਾਰਟ ਸਿਟੀ’ ਬਣਾਉਣ ਲਈ ਪ੍ਰੋਜੈਕਟ ਚਾਲੂ ਕੀਤਾ ਜਾਵੇਗਾ। ਉਨਾਂ ਲੋਕਾਂ ਦੀਵਾਲੀ ਦੀ ਮੁਕਾਬਰਬਾਦ ਦੇਦਿੰਆਂ ਕਿਹਾ ਕਿ ਇਸ ਪਵਿੱਤਰ ਤਿਉਹਾਰ ਨੂੰ ਆਪਸੀ ਪਿਆਰ, ਭਾਈਚਾਰਕ ਸਾਂਝ ਵਜੋਂ ਮਿਲ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਅੰਮ੍ਰਿਤਸਰ ਦੇ ਇਤਿਹਾਸ ਨੂੰ ਦਰਸਾਉਦੀ ਕਿਤਾਬ ਜਿਸ ਵਿਚ ਖੂਬਸੂਰਤ ਚਿੱਤਰਾਂ ਰਾਹੀਂ ਪਵਿੱਤਰ ਨਗਰੀ ਅੰਮ੍ਰਿਤਸਰ ਦਾ ਇਤਿਹਾਸ ਦਰਸਾਇਆ ਗਿਆ ਹੈ ਨੂੰ ਦੀਵਾਲੀ ਦੀ ਪੂਰਵ ਸੰਧਿਆ ਤੇ ਗੋਲਡਨ ਪਲਾਜ਼ਾ ਦੇ ਉਦਘਾਟਨ ਸਮਾਰੋਹ ਮੌਕੇ ਸਮੂਹ ਸੰਗਤਾਂ ਨੂੰ ਵੰਡਿਆ ਗਿਆ।
ਜ਼ਿਕਰਯੋਗ ਹੈ ਕਿ ਮੈਸ਼ਰਜ ਡੀਜਾਈਨਰ ਐਸੋਸੀਏਟਸ ਨੋਇਡਾ ਵੱਲੋ ਗੋਲਡਨ ਟੈਂਪਲ ਪਲਾਜ਼ਾ ਆਰਟੀਟੈਕਚਰਲ ਡਿਜ਼ਾਈਨਰ ਅਤੇ ਅਨੁਮਾਨ ਤਿਆਰ ਕੀਤਾ ਗਿਆ, ਜਿਸ ਦੀ ਪ੍ਰਬੰਧਕੀ ਪ੍ਰਵਾਨਗੀ ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਵਿਭਾਗ ਵੱਲੋ ਅਤੇ ਅਨੁਮਾਨ ਦੀ ਤਕਨੀਕੀ ਪ੍ਰਵਾਨਗੀ ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋ ਕੀਤੀ ਗਈ। ਇਸ ਪ੍ਰੋਜੈਕਟ ਦੇ ਪਹਿਲੇ ਗੇੜ ਵਿਚ ਸਰਧਾਲੂਆਂ ਦੀ ਸਹੂਲਤ ਲਈ ਗਰਾਂਊਡ ਫਲੋਰ ਦਾ ਕੰਮ ਜਿਸ ਵਿਚ ਲੱਗਭੱਗ 8250 ਵਰਗ ਮੀਟਰ ਏਰੀਂਏ ਵਿਚ 37 ਮਿ.ਮੀ. ਮੋਟਾਈ ਦਾ ਚਿੱਟੇ ਅਤੇ ਗੁਲਾਬੀ ਰੰਗ ਦਾ ਸੰਗਮਰਮਰ ਖੂਬਸੂਰਤ ਡਿਜ਼ਾਈਨਾਂ ਨਾਲ ਨਿਪੁੰਨ ਰਾਜਸਥਾਨੀ ਕਾਰੀਗਰਾਂ ਵੱਲੋ ਲਗਾਇਆ ਗਿਆ ਹੈ, ਜਿਸ ਉਪਰ ਇਕੋ ਸਮੇ ਲੱਗਭੱਗ 20 ਹਜ਼ਾਰ ਤੋਂ 25 ਹਜ਼ਾਰ ਦੇ ਸਰਧਾਲੂਆਂ ਦੇ ਬੈਠ ਕੇ ਗੁਰਬਾਣੀ ਸਰਵਣ ਕਰਨ ਲਈ ਉਪਰਾਲਾ ਕੀਤਾ ਗਿਆ ਹੈ। ਲਗਭਗ 650 ਵਰਗ ਮੀਟਰ ਏਰੀਏ ਦਾ ਖੂਬਸੂਰਤ ਜੋੜੇ ਘਰ ਅਤੇ ਗਠੜੀ ਘਰ ਦਾ ਕੋਟਾ ਸਟੋਨ ਦਾ ਫਰਸ਼, ਦੀਵਾਰਾਂ ਤੇ ਸੀਰੈਮਿਕ ਟਾਇਲ, ਮੈਟਲ ਸੀਲਿੰਗ , ਸੀਸ਼ੇ ਜੜੁਤ ਸੁੰਦਰ 30 ਖਿੜਕੀਆਂ ਲਗਾਉਣ ਤੋ ਇਲਾਵਾ ਅੰਦਰ ਸੇਵਾ ਕਰਨ ਵਾਲੇ ਪ੍ਰੇਮੀਆਂ ਦੀ ਸਹੂਲਤ ਲਈ ਏਅਰ-ਕੰਡੀਸ਼ਨਿੰਗ ਦੀ ਵਿਵਸਥਾ ਕੀਤੀ ਗਈ ਹੈ। ਜੋੜਾ ਘਰ ਅਤੇ ਗੱਠੜੀ ਘਰ ਦੇ ਦੁਆਲੇ ਸੁੰਦਰ ਕਾਰੀਡੋਰ ਤੇ ਲੱਗਿਆ ਚਿੱਟੇ ਰੰਗ ਦਾ ਸੰਗਮਰਮਰ ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦਾ ਹੈ।ਯਾਤਰੂਆਂ ਦੀ ਸਹੂਲਤ ਲਈ ਨਵੇ ਅਤੇ ਪੁਰਾਣੇ ਜੋੜਾ ਘਰ ਤੇ ਬਾਹਰ ਮਕਰਾਨਾ ਸੰਗਮਰਮਰ ਦੇ ਪਲਾਟਰ-ਕਮ-ਸੀਟਰ ਬਣਾਏ ਗਏ ਹਨ, ਜਿਸ ਵਿਚ ਸੰਗਮਰਮਰ ਦੀ ਖੂਬਸੂਰਤੀ ਤਰੀਕੇ ਨਾਲ ਘੜਾਈ ਕੀਤੀ ਹੋਈ ਹੈ । ਪਲਾਟਰਾਂ ਵਿਚ ਛਾਂ ਦਰ ਅਤੇ ਫੁੱਲਦਰ ‘ਚੰਪਾ ‘ ਦੇ ਦੱਰਖਤਾਂ ਤੋ ਇਲਾਵਾ ਗਰਾਂਊਡ ਕਵਰਜ ਲਗਾਕੇ ਵਾਤਾਵਰਣਨ ਨੂੰ ਸ਼ੁੱਧ ਕਰਨ ਦਾ ਉਪਰਾਲਾ ਕੀਤਾ ਗਿਆ ਹੈ । ਸ੍ਰੀ ਹਰਮਿੰਦਰ ਸਾਹਿਬ ਦੇ ਮੁੱਖ ਦੁਆਰ ਦੇ ਬਿਲਕੁੱਲ ਸਾਹਮਣੇ ਆਧਿਨੁਕ ਫੁਹਾਰਾ ਜਿਸ ਵਿਚ ਚਿੱਟੇ ਸੰਗਮਰਮਰ ਦੀ ਫਲੋਰਿੰਗ,ਸ ਫੁਹਾਰੇ ਦੇ ਦੁਆਲੇ ਵਿਰਾਸਤੀ ਦਿੱਖ ਨੂੰ ਦਰਸਾਉਦੀ ਹੋਈ ਸੰਗਮਰਮਰ ਦੀ ਸੀਟਿੰਗ ਤੋ ਇਲਾਵਾ ਲੱਗੀਆਂ ਆਧਿੁਨਕ ਲਾਈਟਾਂ ਜੋ ਕਿ ਫੁਹਾਰਾ ਚੱਲਣ ਵੇਲੇ ਵਿਲੱਖਣ ਨਜ਼ਾਰਾ ਪੇਸ਼ ਕਰਦੀਆਂ ਹੋਈਆਂ ਮੁੱਖ ਦੁਆਰ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾਉਦੀਆਂ ਹਨ ।ਉਪਰੋਕਤ ਕੰਮਾਂ ਤੋ ਇਲਾਵਾ ਬੇਸਮੈਟ ਜਿਸ ਦਾ ਸਟ੍ਰੱਕਚਰ ਵਰਕ ਮੁਕੰਮਲ ਹੋ ਚੁੱਕਾ ਹੈ ਅਤੇ ਫਿਨਿਸ਼ਿੰਗ ਦਾ ਕੰਮ ਦੂਸਰੇ ਗੇੜ ਵਿਚ ਲਿਆ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸ੍ਰੀ ਮਨਜੀਤ ਸਿੰਘ ਜੀ.ਕੇ ਪ੍ਰਧਾਨ ਡੀ.ਐਸ.ਜੀ.ਐਮ.ਸੀ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੰਤ ਹਰਨਾਮ ਸਿੰਘ ਮੁਖੀ ਦਮਦਮਾ ਟਕਸਾਲ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ, ਅਡਿਸ਼ਨਲ ਹੈੱਡ ਗ੍ਰੰਥੀ ਸਚਖੰਡ ਭਾਈ ਕੁਲਵਿੰਦਰ ਸਿੰਘ, ਸ੍ਰੀ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਵਜ਼ੀਰ, ਸ੍ਰੀ ਅਨਿਲ ਜੋਸ਼ੀ ਕੈਬਨਿਟ ਵਜ਼ੀਰ, ਸ੍ਰੀ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕਤੱਰ ਪੰਜਾਬ, ਸ੍ਰੀ ਮਨਜੀਤ ਸਿੰਘ ਮੰਨਾ ਵਿਧਾਇਕ, ਸ. ਵੀਰ ਸਿੰਘ ਲੋਪੇਕੇ, ਭਾਈ ਰਜਿੰਦਰ ਸਿੰਘ ਮਹਿਤਾ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ, ਸ੍ਰੀ ਪ੍ਰਦੀਪ ਸੱਭਰਵਾਲ ਕਮਿਸ਼ਨਰ ਨਗਰ ਨਿਗਮ, ਸ. ਮਨਜੀਤ ਸਿੰਘ ਸਕੱਤਰ, ਸ. ਪਰਮਜੀਤ ਸਿੰਘ ਐਡੀਸ਼ਨਲ ਸਕੱਤਰ, ਸ੍ਰੀ ਸਤਿੰਦਰ ਸਿੰਘ ਪੀ.ਏ ਪ੍ਰਧਾਨ ਸਾਹਿਬ, ਸ. ਪ੍ਰਤਾਪ ਸਿੰਘ ਮੈਨੇਜਰ ਸਚਖੰਡ, ਸ. ਸੁਖਦੇਵ ਸਿੰਘ ਸਹਾਇਕ ਸਕੱਤਰ ਤੇ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਮੁਖੀ, ਸੰਤ ਸਮਾਜ ਦੇ ਆਗੂ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।