ਭਾਵੇਂ ਉਥੇ ਲਾਸ਼ ਵੀ ਸੁਆਹ ਹੁੰਦੀ ਏ
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਅਫਸੋਸ ਲਈ ਕਹਿੰਦੇ ਨੇ ਬੜਾ ਹੀ ਚੰਗਾ ਸੀ
ਇਸਦੇ ਜਿਹਾ ਨਾਂ ਹੋਰ ਕੋਈ ਬੰਦਾ ਸੀ।
ਉਪਰੋਂ-ਉਪਰੋਂ ਭਾਵੇਂ ਖਾਹ ਮਖਾਹ ਹੁੰਦੀ ਏ
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਦੁਸ਼ਮਣ ਵੀ ਜਾ ਕੇ ਸਿਰ ਨਿਵਾਉਂਦੇ ਨੇ
ਓੜਕ ਏਹੀ ਘਰ ਹੈ ਚੇਤੇ ਆਉਂਦੇ ਨੇ।
ਖਮੋਸ਼ੀ ਉਸ ਸਮੇਂ ਦੀ ਗਵਾਹ ਹੁੰਦੀ ਏ
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਸ਼ਾਇਦ ਆਖਰੀ ਇਸ਼ਨਾਨ ਕਰਮ ਧੋਂਦਾ ਹੈ
ਘੜੀ ਪਲਾਂ ਲਈ ਚੰਗਾ ਅਖਵਾਉਂਦਾ ਹੈ।
ਰੂਹ ਨੂੰ ਮਿਲੇ ਸ਼ਾਂਤੀ ਇਹ ਦੁਆ ਹੁੰਦੀ ਏ
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਰਿਸ਼ਤੇਦਾਰੀਆਂ ਚਾਹੇ ਉਦੋਂ ਲੱਖਾਂ ਰੋਦੀਂਆਂ ਨੇ
ਬਹੁਤਿਆਂ ਦੀਆਂ ਵਖਾਵੇ ਲਈ ਅੱਖਾਂ ਰੋਂਦੀਆਂ ਨੇ।
ਰੂਹ ਦੀ ਹੋਵੇ ਸਾਂਝ ਤੇ ਦਿਲ ਹਿਲਾ ਹੁੰਦੀ ਏ
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਜਿਊਦਿਆਂ ਜੇ ਚੰਗੇ ਰਿਸ਼ਤੇ ਬਣਾ ਲਈਏ
ਦੁਸ਼ਮਣ ਵੀ ਹੋਣ ਗਲਵੱਕੜੀਆਂ ਪਾ ਲਈਏ।
ਜਿੰਨਾਂ ਨਾਲ ਭਾਵੇਂ ਠਾਹ ਠਾਹ ਹੁੰਦੀ ਏ
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ।
ਟੁੱਟਣਾ ਕਿ ਜੁੜਨਾਂ ਇਹ ਰਿਸ਼ਤੇ ਜ਼ੁਬਾਨ ਦੇ
ਰੱਬ ਨੇ ਇਹ ਦਿੱਤਾ ਸਭ ਹੱਥ ਇਨਸਾਨ ਦੇ।
ਚੀਜ਼ ਦਾ ਸੰਧੂ ਮੁੱਲ ਦਿਸੇ ਜਦੋਂ ਗੁਆ ਹੁੰਦੀ ਏ
ਸਿਵਿਆਂ ‘ਚ ਬੰਦੇ ਦੀ ਵਾਹ ਵਾਹ ਹੁੰਦੀ ਏ। 25102020

ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ, ਜ਼ਿਲ੍ਹਾ ਤਰਨ ਤਾਰਨ।
ਮੋ – 97816-93300
Punjab Post Daily Online Newspaper & Print Media