ਕੈਪਟਨ ਕਰਮ ਸਿੰਘ ਤੇ ਕੈਪਟਨ ਸਾਹਿਬ ਸਿੰਘ ਨੂੰ ਮਿਲੀ ਅਹਿਮ ਜਿੰਮੇਵਾਰੀ
ਅੰਮ੍ਰਿਤਸਰ, 30 ਅਕਤੂਬਰ (ਸੰਧੂ) – ਇੰਡੀਅਨ ਆਰਮੀ ਦੀ 14 ਪੰਜਾਬ (ਨਾਭਾ ਅਕਾਲ) ਪਲਟਨ ਦੇ 263ਵੇਂ ਸਥਾਪਨਾ ਦਿਵਸ ਦੇ ਮੌਕੇ ਮਨਾਏ ਜਾ ਰਹੇ ਦੇਸ਼
ਵਿਆਪੀ ਜਸ਼ਨਾਂ ਦੇ ਸਿਲਸਿਲੇ ਦੇ ਚੱਲਦਿਆਂ ਇਸ ਪਲਟਨ ਵਿਚੋਂ ਸੇਵਾ ਮੁਕਤ ਹੋ ਕੇ ਆਏ ਮਾਝਾ ਜੋਨ ਦੇ ਅਧਿਕਾਰੀਆਂ ਅਤੇ ਸੈਨਿਕਾਂ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਹਰ ਵਰ੍ਹੇ ਪਲਟਨ ਦਾ ਸਥਾਪਨਾ ਦਿਵਸ ਮਨਾਏ ਜਾਣ ਦੀ ਰੂਪ-ਰੇਖਾ ਤਿਆਰ ਕਰਨ ਦੇ ਨਾਲ ਨਾਲ ਮਾਝਾ ਜੋਨ ਦੇ ਅਧਿਕਾਰੀਆਂ ਅਤੇ ਸੈਨਿਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਫੌਰੀ ਹੱਲ ਲਈ ਯਤਨਸ਼ੀਲ ਰਹੇਗੀ।ਇਸ ਕਮੇਟੀ ਵਿੱਚ ਸਰਬਸੰਮਤੀ ਨਾਲ ਐਸ.ਐਮ ਕਰਮ ਸਿੰਘ ਨੂੰ ਪੈਟਰਨ, ਕੈਪਟਨ ਸਾਹਿਬ ਸਿੰਘ ਨੂੰ ਪ੍ਰਧਾਨ, ਹਵਾਲਦਾਰ ਗੁਰਪ੍ਰੀਤ ਸਿੰਘ ਨੂੰ ਜਰਨਲ ਸਕੱਤਰ, ਕੈਪਟਨ ਕਰਨੈਲ ਸਿੰਘ ਨੂੰ ਆਰਗੇਨਾਈਜ਼ਿੰਗ ਸੈਕਟਰੀ, ਸੂਬੇਦਾਰ ਮੇਜ਼ਰ ਮਨਿੰਦਰ ਸਿੰਘ ਨੂੰ ਪੀ.ਆਰ.ਓ, ਸੂਬੇਦਾਰ ਕੁਲਵਿੰਦਰ ਸਿੰਘ ਨੂੰ ਮੀਡੀਆ ਇੰਚਾਰਜ਼, ਸੁਖਚੈਨ ਸਿੰਘ ਨੂੰ ਕਸ਼ੀਅਰ ਦੀ ਅਹਿਮ ਜਿੰਮੇਵਾਰੀ ਸੌਪਣ ਦੇ ਨਾਲ ਨਾਲ, ਕੰਵਲਜੀਤ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ (ਸਾਰੇ ਹਵਾਲਦਾਰ) ਨੂੰ ਮੈਂਬਰ ਨਿਯੁੱਕਤ ਕੀਤਾ ਗਿਆ ਹੈ।
ਕਮੇਟੀ ਦੇ ਨਵਨਿਯੁੱਕਤ ਪ੍ਰਧਾਨ ਕੈਪਟਨ ਸਾਹਿਬ ਸਿੰਘ ਨੇ ਕਿਹਾ ਕਿ ਜਦੋਂ ਤੱਕ ਕੋਈ ਵੀ ਅਧਿਕਾਰੀ ਜਾਂ ਸੈਨਿਕ ਨੋੌਕਰੀ ਤੇ ਹੁੰਦਾ ਹੈ ਤਾਂ ਉਸ ਦੀ ਹਰੇਕ ਪ੍ਰਕਾਰ ਦੀ ਜਿੰਮੇਵਾਰੀ ਇੰਡੀਅਨ ਆਰਮੀ ਅਤੇ ਭਾਰਤ ਸਰਕਾਰ ਦੀ ਹੁੰਦੀ ਹੈ, ਪਰ ਸੇਵਾ ਮੁਕਤੀ ਤੋਂ ਬਾਅਦ ਅਸੀ ਸਾਰੇ ਜਨਤਕ ਸਮਾਜ ਦਾ ਹਿੱਸਾ ਬਣ ਜਾਦੇ ਹਾਂ।ਇਸ ਲਈ ਬਹੁਤ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ, ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਉਨਾਂ ਦੇ ਹਿੱਸੇ ਆ ਜਾਂਦੀਆਂ ਹਨ।ਜਿਸ ਦੇ ਲਈ ਆਪਸੀ ਸੰਪਰਕ ਤੇ ਤਾਲਮੇਲ ਹੋਣਾ ਬਹੁਤ ਜਰੂਰੀ ਹੈ।ਇਸੇ ਲਈ ਕਮੇਟੀ ਦਾ ਗਠਨ ਬਹੁਤ ਹੀ ਮਹੱਤਵਪੂਰਨ ‘ਤੇ ਜਰੂਰੀ ਸੀ।
ਸਮੁੱਚੇ ਅਧਿਕਾਰੀਆਂ ਅਤੇ ਸੈਨਿਕਾਂ ਦਾ ਧੰਨਵਾਦ ਕਰਦਿਆਂ ਪੈਟਰਨ ਐਸ.ਐਮ ਕਰਮ ਸਿੰਘ ਨੇ ਕਿਹਾ ਕਿ ਜਦੋਂ ਵੀ ਦੇਸ਼ ਨੂੰ ਮੁੜ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਨਜਿੱਠਣ ਦੀ ਲੋੜ ਪਈ ਤਾਂ ਉਹ ਮੁੜ ਸੇਵਾਵਾਂ ਦੇਣ ਤੋਂ ਇਨਕਾਰ ਨਹੀ ਕਰਨਗੇ ਤੇ ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਆਉਣ ‘ਤੇ ਵੀ ਆਪਣੇ ਤਜ਼ੱਰਬੇ ਅਤੇ ਮੁਹਾਰਤ ਅਨੁਸਾਰ ਜਿੰਮੇਵਾਰੀ ਨਿਭਾਉਣਗੇ।ਉਨ੍ਹਾਂ 14 ਪੰਜਾਬ (ਨਾਭਾ ਅਕਾਲ) ਪਲਟਨ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਜਿੰਮੇਵਾਰੀ ਤੋਂ ਰਿਟਾਇਰ ਹੋਏ ਹਨ, ਜਦੋ ਕਿ ਬਾਕੀ ਦੀਆਂ ਜਿੰਮੇਵਾਰੀਆਂ ਨਿਭਾਉਣਾ ਸਭ ਦਾ ਸਾਂਝਾ ਫਰਜ਼ ਹੈ।
ਇਸ ਮੌਕੇ ਕੈਪਟਨ ਜੋਗਿੰਦਰ ਸਿੰਘ, ਕੈਪਟਨ ਪ੍ਰਤਾਪ ਸਿੰਘ, ਕੈਪਟਨ ਕਰਨੈਲ ਸਿੰਘ, ਕੈਪਟਨ ਕੁਲਦੀਪ ਸਿੰਘ, ਕੈਪਟਨ ਮਨਿੰਦਰਜੀਤ ਸਿੰਘ, ਦਲਜੀਤ ਸਿੰਘ, ਸੁਖਚੈਨ ਸਿੰਘ, ਪ੍ਰਗਟ ਸਿੰਘ ਸੁਖਦੇਵ ਸਿੰਘ ਚਾਚਾ ਆਦਿ ਹਾਜ਼ਰ ਸਨ।
Punjab Post Daily Online Newspaper & Print Media