Wednesday, April 15, 2026

ਸਿੱਖਿਆ ਮੰਤਰੀ ਸਿੰਗਲਾ ਨੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਦਿੱਤੇ ਐਪਲ ਆਈਪੈਡ, ਲੈਪਟੌਪ ਤੇ ਐਂਡਰੌਇਡ ਟੈਬਲੇਟ

‘ਅੰਬੈਸਡਰ ਆਫ਼ ਹੋਪ’ ਮੁਕਾਬਲੇ ’ਚ ਆਰਿਤ ਕੁਮਾਰ, ਯੇਤੀ ਤੇ ਭਾਰਤੀ ਨੇ ਪਠਾਨਕੋਟ ਜ਼ਿਲ੍ਹੇ ’ਚੋਂ ਜਿੱਤੇ ਪਹਿਲੇ ਤਿੰਨ ਇਨਾਮ

ਪਠਾਨਕੋਟ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਪਠਾਨਕੋਟ ਜ਼ਿਲ੍ਹੇ ਦੇ ਜੇਤੂਆਂ ਦਾ ਐਪਲ ਆਈਪੈਡ, ਲੈਪਟੋਪ ਅਤੇ ਐਂਡਰੌਇਡ ਟੈਬਲੇਟ ਨਾਲ ਸਨਮਾਨਿਤ ਕੀਤਾ।ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਲੋਕ ਨਿਰਮਾਣ ਵਿਭਾਗ ਦੇ ਸਥਾਨਕ ਰੈਸਟ ਹਾਊਸ ਵਿਖੇ ਕਰਵਾਏ ਗਏ ਇੱਕ ਸੰਖੇਪ ਸਮਾਗਮ ਦੌਰਾਨ ਕੈਬਨਿਟ ਮੰਤਰੀ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਇਨਾਮ ਵੰਡ ਸਮਾਰੋਹ ’ਚ ਸ਼ਿਰਕਤ ਕੀਤੀ।ਸਿੰਗਲਾ ਨੇ ਜੇਤੂਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੀਆਂ ਸੋਚੀਆਂ ਮੰਜ਼ਿਲਾਂ ਸਰ ਕਰਨ ਲਈ ਭਵਿੱਖ ’ਚ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।ਇਸ ਸਮੇਂ ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ, ਹਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ, ਅਸੀਸ ਵਿੱਜ, ਜਗਜੀਤ ਸਿੰਘ ਡੀ.ਈ.ਓ ਸੈਕੰਡਰੀ, ਰਾਜੇਸਵਰ ਸਲਾਰੀਆਂ ਡਿਪਟੀ ਡੀ.ਈ.ਓ, ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ, ਰਾਮ ਲੁਭਾਇਆ ਸੂਚਨਾ ਤੇ ਲੋਕ ਸੰਪਰਕ ਅਫਸ਼ਰ ਪਠਾਨਕੋਟ, ਬਲਕਾਰ ਅੱਤਰੀ ਜਿਲ੍ਹਾ ਮੀਡਿਆ ਕੋਆਰਡੀਨੇਟਰ ਅਤੇ ਹੋਰ ਵਿਭਾਗ ਅਧਿਕਾਰੀ ਹਾਜ਼ਰ ਸਨ।
              ਜ਼ਿਕਰਯੋਗ ਹੈ ਕਿ ਵਿਸ਼ਵ ਰਿਕਾਰਡ ਸਥਾਪਤ ਕਰਨ ਵਾਲੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ’ਚ ਪਠਾਨਕੋਟ ਜ਼ਿਲ੍ਹੇ ’ਚੋਂ 1605 ਵਿਦਿਆਰਥੀਆਂ ਨੇ ਪਸੰਦੀਦਾ ਵਿਸ਼ੇ ’ਤੇ ਵੀਡਿਓ ਬਣਾ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨ੍ਹਾਂ ’ਚੋਂ ਕ੍ਰਾਇਸਟ ਦ ਕਿੰਗ ਕਾਨਵੈਂਟ ਸਕੂਲ ’ਚ ਪੰਜਵੀਂ ਜਮਾਤ ’ਚ ਪੜ੍ਹਦੇ ਆਰਿਤ ਕੁਮਾਰ ਨੇ ਪਹਿਲਾ ਇਨਾਮ ਐਪਲ ਆਈਪੈਡ ਜਿੱਤੀ ਸੀ, ਜਦਕਿ ਸੇਂਟ ਜੋਸਫ਼ ਕਾਨਵੈਂਟ ਸਕੂਲ ’ਚ ਅੱਠਵੀਂ ਜਮਾਤ ’ਚ ਪੜ੍ਹਦੀ ਯੇਤੀ ਨੇ ਦੂਜਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਸੀ।ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਣੀ ’ਚ 11ਵੀਂ ਜਮਾਤ ’ਚ ਪੜ੍ਹਦੀ ਭਾਰਤੀ ਨੇ ਤੀਜੇ ਇਨਾਮ ਵਜੋਂ ਐਂਡਰੌਇਡ ਟੈਬਲੇਟ ’ਤੇ ਕਬਜ਼ਾ ਕੀਤਾ ਸੀ।
             ਸਿੰਗਲਾ ਨੇ ਕਿਹਾ ਕਿ ਵਿਸ਼ਵ ਰਿਕਾਰਡ ਸਥਾਪਿਤ ਕਰਨ ਦੇ ਨਾਲ-ਨਾਲ ‘ਅੰਬੈਸਡਰਜ਼ ਆਫ਼ ਹੋਪ’ ਮੁਹਿੰਮ ਨੇ ਸਕੂਲੀ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਦਾ ਆਪਣਾ ਮੰਤਵ ਸਫ਼ਲਤਾਪੂਰਵਕ ਪੂਰਾ ਕੀਤਾ ਹੈ।ਉਨ੍ਹਾਂ ਦੱਸਿਆ ਕਿ ਸਿਰਫ਼ 8 ਦਿਨਾਂ ’ਚ ਹੀ ਇਸ ਮੁਕਾਬਲੇ ਲਈ 1,05,898 ਸਕੂਲੀ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ।ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਪ੍ਰਾਪਤ ਹੋਈਆਂ ਵੀਡਿਓ ’ਚੋਂ ਜੇਤੂਆਂ ਦੀ ਚੋਣ ਕਰਨੀ ਬਹੁਤ ਮੁਸ਼ਕਿਲ ਸੀ।ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ’ਚ 3 ਜੇਤੂਆਂ ਨੂੰ ਆਈਪੈਡ, ਲੈਪਟੌਪ ਅਤੇ ਟੈਬਲੇਟ ਦੇਣ ਦੇ ਨਾਲ-ਨਾਲ ਸਾਰੇ 22 ਜ਼ਿਲ੍ਹਿਆਂ ’ਚੋਂ ਹੋਰ ਚੰਗੀਆਂ ਵੀਡਿਓ ਭੇਜਣ ਵਾਲੇ ਲਗਭਗ 1,000 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।
                  ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਆਰਿਤ ਨੇ ਕਿਹਾ ਕਿ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਹੱਥੋਂ ਇਨਾਮ ਮਿਲਣ ਕਰਕੇ ਉਸ ਲਈ ਇਹ ਦਿਨ ਸਦਾ ਲਈ ਯਾਦਗਾਰੀ ਬਣ ਗਿਆ ਹੈ।ਇਸੇ ਤਰ੍ਹਾਂ ਤੀਜਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਨੇ ਕਿਹਾ ਕਿ ਉਸਦੇ ਪਿਤਾ ਵੈਲਡਿੰਗ ਦੀ ਦੁਕਾਨ ਕਰਦੇ ਹਨ ਤੇ ਉਸ ਕੋਲ ਤਾਂ ਮੁਕਾਬਲੇ ’ਚ ਭੇਜਣ ਲਈ ਵੀਡਿਓ ਬਣਾਉਣ ਲਈ ਵੀ ਮੋਬਾਇਲ ਨਹੀਂ ਸੀ ਅਤੇ ਉਸ ਨੇ ਕਿਸੇ ਗੁਆਂਢੀ ਦੇ ਮੋਬਾਇਲ ਤੋਂ ਵੀਡਿਓ ਬਣਾ ਕੇ ਭੇਜੀ ਸੀ।ਉਸ ਨੇ ਕਿਹਾ ਕਿ ਮੁਕਾਬਲਾ ਜਿੱਤ ਕੇ ਉਸ ਦਾ ਉਤਸ਼ਾਹ ਬਹੁਤ ਵਧਿਆ ਹੈ ਅਤੇ ਹੁਣ ਉਹ ਆਪਣੀ ਸੋਚੀ ਮੰਜ਼ਿਲ ’ਤੇ ਪਹੁੰਚਣ ਲਈ ਹੋਰ ਵਧੇਰੇ ਮਿਹਨਤ ਕਰੇਗੀ।

Check Also

ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੀ 135ਵੀਂ ਜਨਮ ਵਰ੍ਹੇਗੰਢ ਮਨਾਈ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ …