Monday, August 24, 2026

ਖ਼ਾਲਸਾ ਕਾਲਜ ਵਿਖੇ ਪੰਜਾਬੀ ਸੂਬੇ ਦਾ ਨਵ-ਨਿਰਮਾਣ ਪ੍ਰਾਪਤੀਆਂ ਅਤੇ ਨੁਕਸਾਨ ਵਿਸ਼ੇ ’ਤੇ ਵਿਚਾਰ-ਚਰਚਾ

ਅੰਮ੍ਰਿਤਸਰ, 7 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬੀ ਵਿਭਾਗ ਵਲੋਂ ਇਕ ਪੈਨਲ ਡਿਸਕਸ਼ਨ ਕਰਵਾਈ ਗਈ।ਜਿਸ ਵਿੱਚ ਡਾ. ਪਰਮਜੀਤ ਸਿੰਘ ਜੱਜ, ਡਾ. ਜਗਰੂਪ ਸਿੰਘ ਸੇਖੋਂ, ਡਾ. ਮਹਿਲ ਸਿੰਘ ਡਾ. ਸੁਖਜੀਤ ਸਿੰਘ ਆਦਿ ਵਿਦਵਾਨਾਂ ਨੇ ਹਿੱਸਾ ਲਿਆ।
ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀ ਪੁਨਰ ਵੰਡ ਨੂੰ ਪੰਜਾਹ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਸਾਨੂੰ ਹੁਣ ਮੁੜ ਸੋਚਣ ਦੀ ਲੋੜ ਹੈ ਕਿ ਅਸਾਂ ਕੀ ਗਵਾਇਆ ਤੇ ਕੀ ਪਾਇਆ ਹੈ।ਇਸ ਲਈ ਵਰਤਮਾਨ ਹਾਲਾਤ ਅਤੇ ਇਤਿਹਾਸ ਨੂੰ ਵਾਚਣ ਵਾਲੇ ਵਿਦਵਾਨਾਂ ਦਾ ਸਵਾਗਤ ਹੈ।
              ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਪੰਜਾਬੀ ਸੂਬੇ ਦੀ ਭਾਸ਼ਾ ਦੇ ਆਧਾਰ ‘ਤੇ ਮੰਗ ਨੇ ਅਕਾਲੀ ਦਲ ਨੂੰ ਜਮਹੂਰੀਅਤ ਵਾਲੀ ਪਾਰਟੀ ਦੇ ਤੌਰ ‘ਤੇ ਰਾਸ਼ਟਰੀ ਸਿਆਸਤ ਵਿੱਚ ਥਾਂ ਦਿਵਾਈ। ਪੰਜਾਬੀ ਸੂਬੇ ਦੇ ਨਵ-ਨਿਰਮਾਣ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਰਾਹ ਖੁੱਲ੍ਹਾ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਈ ਕਦਮ ਪੁੱਟੇ ਗਏ ਭਾਵੇਂ ਕਿ ਅੱਜ ਫਿਰ ਪੰਜਾਬੀ ਭਾਸ਼ਾ ਨੂੰ ਕਈ ਮੁਸ਼ਕਲਾਂ ਦਰਪੇਸ਼ ਹਨ।ਡਾ. ਸੁਖਜੀਤ ਸਿੰਘ ਨੇ ਕਿਹਾ ਕਿ ਹਰ ਧਰਮ ਆਪਣੇ ਵਿਕਾਸ ਲਈ ਸਿਆਸਤ ਨੂੰ ਵਰਤਦਾ ਹੈ ਅਤੇ ਸਿਆਸਤ ਸਹਾਰੇ ਵਿਕਾਸ ਕਰਦਾ ਹੈ ਇਸ ਲਈ ਸਿੱਖ ਪਛਾਣ ਲਈ ਪੰਜਾਬ ਦੀ ਪੁਨਰ ਵੰਡ ਕਰਨ ਲਈ ਅਕਾਲੀਆਂ ਨੇ ਜੋਰ ਲਾਇਆ ਸੀ ਜਿਸ ਨੂੰ ਹਿੰਦੂ ਜਥੇਬੰਦੀਆਂ ਨੇ ਉਸ ਸਮੇਂ ਅਤੇ ਬਾਅਦ ਵਿੱਚ ਵੀ ਰੋਕਣ ਦੀ ਕੋਸ਼ਸ਼ ਕੀਤੀ ਅਤੇ ਮਹਾਂ ਪੰਜਾਬ ਦਾ ਸੰਕਲਪ ਦਿੱਤਾ ਸੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਤੋਂ ਰਿਟਾਇਰ ਹੋਏ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਲੀਡਰ ਦੂਰ-ਦ੍ਰਿਸ਼ਟੀ ਵਾਲੇ ਨਹੀਂ ਰਹੇ ਸਿਵਾਏ ਪ੍ਰਤਾਪ ਸਿੰਘ ਕੈਰੋਂ ਤੋਂ। ਉਹਨਾਂ ਕਿਹਾ ਕਿ ਹਰੇ ਇਨਕਲਾਬ ਅਧੀਨ 1960 ਤੋਂ 1975-76 ਤੱਕ ਪੰਜਾਬ ਨੇ ਤਰੱਕੀ ਕੀਤੀ, ਪਰ ਬਾਅਦ ਵਿੱਚ ਇਸ ਤਰੱਕੀ ਨੂੰ ਬਰੇਕਾਂ ਲੱਗ ਗਈਆਂ ਅਤੇ ਪੰਜਾਬ ਨੂੰ ਦੂਰ ਦ੍ਰਿਸ਼ਟੀ ਵਾਲਾ ਆਗੂ ਨਾ ਮਿਲਣ ਕਰਕੇ ਸਾਰਾ ਦੁਖਾਂਤ ਵਾਪਰਿਆ। ਅੱਜ ਹਾਲਤ ਇਹ ਹੈ ਕਿ ਏਥੇ ਰੁਜਗਾਰ ਦੀ ਘਾਟ ਪਾਈ ਜਾ ਰਹੀ ਹੈ।
                  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਤੋਂ ਰਿਟਾਇਰ ਹੋਏ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਨੇ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬੀ ਸੂਬੇ ਦਾ ਨਵਨਿਰਮਾਣ ਭਾਸ਼ਾ ਦੇ ਆਧਾਰ ਤੇ ਹੋਇਆ ਸੀ ਨਾ ਕਿ ਧਰਮ ਦੇ ਆਧਾਰ ਤੇ।ਗੁਰੂ ਗ੍ਰੰਥ ਸਾਹਿਬ ਬਹੁ ਭਾਸ਼ਾਈ ਟੈਕਟ/ਗ੍ਰੰਥ ਹੈ ਜੋ ਸਾਨੂੰ ਭਾਸ਼ਾਈ ਕਟੜਤਾ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਾ ਹੈ।
                    ਪੰਜਾਬੀ ਵਿਭਾਗ ਦੇ ਅਧਿਆਪਕਾਂ ਡਾ. ਭੁਪਿੰਦਰ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ ਡਾ. ਅਮਨਦੀਪ ਕੌਰ ਅਤੇ ਪ੍ਰੋ. ਅੰਮ੍ਰਿਤਪਾਲ ਕੌਰ ਨੇ ਵੀ ਵਿਚਾਰ ਚਰਚਾ ‘ਚ ਹਿੱਸਾ ਲਿਆ ਅਤੇ ਡਾ. ਹੀਰਾ ਸਿੰਘ ਨੇ ਵਿਚਾਰ ਰਚਰਾ ਦਾ ਸੰਚਾਲਨ ਬਾਖਖਬੀ ਕੀਤਾ।ਵਿਚਾਰ ਚਰਚਾ ਦੀ ਸਮਾਪਤੀ ਮੌਕੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕੋਈ ਵੀ ਭਾਸ਼ਾ ਆਪਣੇ ਗੁਣਾਂ ਕਰਕੇ ਵਿਕਾਸ ਕਰਦੀ ਹੈ ਅਤੇ ਸਿਆਸਤ ਲਈ ਸੌੜੇਪਣ ਦੀ ਨਹੀਂ ਸਿਆਣਪ ਦੀ ਲੋੜ ਹੁੰਦੀ ਹੈ।
                    ਇਸ ਮੌਕੇ ਤੇ ਡਾ. ਕੁਲਦੀਪ ਸਿੰਘ ਢਿਲੋਂ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ, ਡਾ. ਰਜਨੀਸ਼ ਕੌਰ, ਡਾ. ਚਿਰਜੀਵਨ ਕੌਰ, ਡਾ. ਗੁਰਸ਼ਿੰਦਰ ਕੌਰ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਹਰਵਿੰਦਰ ਕੌਰ ਅਤੇ ਪ੍ਰੋ. ਬਲਜਿੰਦਰ ਸਿੰਘ ਵੀ ਹਾਜਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …