Tuesday, June 9, 2026

ਨਜਾਇਜ਼ ਉਸਾਰੀਆਂ ‘ਤੇ ਕੱਸਿਆ ਜਾਵੇਗਾ ਸਿਕੰਜ਼ਾ – ਮੇਅਰ

ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਬਿਲਡਿੰਗ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨਾਂ ਨੂੰ ਸ਼ਹਿਰ `ਚ ਹੋ ਰਹੀਆਂ ਉਸਾਰੀਆਂ ਦੀ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹਾ।ਉਨਾਂ ਨੇ ਜੋਨ ਮੁਤਾਬਿਕ ਏ.ਟੀ.ਪੀ ਤੋਂ ਉਸ ਦੇ ਇਲਾਕੇ ਵਿੱਚ ਚੱਲ ਰਹੀਆਂ ਉਸਾਰੀਆਂ ਦੇ ਨਾਲ ਹੀ ਨਜ਼ਾਇਜ਼ ਉਸਾਰੀਆਂ ਬਾਰੇ ਪੁੱਛਗਿੱਛ ਕੀਤੀ ਅਤੇ ਇਕੱਲੇ-ਇਕੱਲੇ ਇਲਾਕੇ `ਚ ਚੱਲ ਰਹੀ ਬਿਲਡਿੰਗ ਉਸਾਰੀ ਦਾ ਵੇਰਵਾ ਮੰਗਿਆ।
                 ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਮੀਟਿੰਗ `ਚ ਮੌਜ਼ੂਦ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਉਨ੍ਹਾਂ ਨੇ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਨਾਲ ਸ਼ਹਿਰ `ਚ ਚੱਲ ਰਹੀਆਂ ਉਸਾਰੀਆਂ ਤੇ ਨਜ਼ਾਇਜ਼ ਉਸਾਰੀਆਂ ਸਬੰਧੀ ਮੀਟਿੰਗਾਂ ਕੀਤੀਆਂ ਹਨ, ਪਰ ਉਸਦੇ ਢੁੱਕਵੇਂ ਨਤੀਜੇ ਸਾਹਮਣੇ ਨਹੀਂ ਆਏ।ਮੇਅਰ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਸ਼ਹਿਰ `ਚ ਬਿਨਾਂ ਨਕਸ਼ਾ ਪਾਸ ਕਰਵਾਏ ਉਸਾਰੀਆਂ ਚੱਲ ਰਹੀਆਂ ਹਨ, ਪਰ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ।ਜਿਸ ਨਾਲ ਨਗਰ ਨਿਗਮ ਦਾ ਲੋਕਾਂ ‘ਤੇ ਮਾੜਾ ਅਸਰ ਪੈ ਰਿਹਾ ਹੈ।ਇਸ ਲਈ ਨਜਾਇਜ਼ ਉਸਾਰੀਆਂ ਖਿਲਾਫ ਸਿਕੰਜ਼ਾ ਕੱਸਿਆ ਜਾਵੇਗਾ।
                  ਮੇਅਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੁਰੰਤ ਜ਼ੋਨ ਅਨੁਸਾਰ ਆਪੋ ਆਪਣੇ ਇਲਾਕੇ `ਚ ਚੱਲ ਰਹੀਆਂ ਉਸਾਰੀਆਂ ਤੇ ਨਜ਼ਾਇਜ਼ ਉਸਾਰੀਆਂ ਦੀ ਲਿਸਟ ਤਿਆਰ ਕਰ ਕੇ ਪੇਸ਼ ਕਰਨ ਅਤੇ ਕਾਨੂੰਨ ਅਨੁਸਾਰ ਸਮਾਂਬੱਧ ਤਰੀਕੇ ਨਾਲ ਕਾਰਵਾਈ ਅੰਜ਼ਾਮ ‘ਚ ਲਿਆਂਦੀ ਜਾਵੇ।ਕਾਨੂੰਨ ਅਨੁਸਾਰ ਕਮਾਊਂਡ ਹੋਣ ਵਾਲੇ ਕੇਸਾਂ ਦੀ ਕਾਰਵਾਈ ਜਲਦ ਮੁਕੰਮਲ ਕੀਤੀ ਜਾਵੇ ਤਾਂ ਜੋ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਹੋ ਸਕੇ।
                 ਮੇਅਰ ਕਰਮਜੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਉਸਾਰੀ ਨਕਸ਼ਾ ਪਾਸ ਕਰਵਾ ਕੇ ਹੀ ਸ਼ੁਰੂ ਕਰਵਾਉਣ।ਨਕਸ਼ਾ ਤੇ ਐਨ.ਓ.ਸੀ ਦੀ ਪ੍ਰਕਿਰਿਆ ਆਨਲਾਈਨ ਹੋਣ ਨਾਲ ਪ੍ਰੇਸ਼ਾਨੀ ਕਾਫੀ ਘਟ ਗਈ ਹੈ।ਉਨਾਂ ਨੇ ਕਿਹਾ ਕਿ ਅਧਿਕਾਰੀ ਵੀ ਆਪਣਾ ਫਰਜ਼ ਸਮਝਦੇ ਹੋਏ ਲੋਕਾਂ ਨੂੰ ਨਕਸ਼ਾ ਪਾਸ ਕਰਵਾ ਕੇ ਹੀ ਬਿਲਡਿੰਗ ਦੀ ਉਸਾਰੀ ਕਰਵਾਉਣ ਦੀ ਹਦਾਇਤ ਕਰਨ।
                   ਇਸ ਮੌਕੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਕਾਨੂੰਨ ਅਫ਼ਸਰ ਅੰਮ੍ਰਿਤਪਾਲ ਸਿੰਘ, ਐਮ.ਟੀ.ਪੀ ਨਰਿੰਦਰ ਸਿੰਘ, ਏ.ਟੀ.ਪੀ ਸੰਜੀਵ ਦੇਵਗਨ, ਏ.ਟੀ.ਪੀ ਪਰਮਿੰਦਰਜੀਤ ਸਿੰਘ, ਏ.ਟੀ.ਪੀ ਕ੍ਰਿਸ਼ਨਾ, ਏ.ਟੀ.ਪੀ ਵਰਿੰਦਰ ਮੋਹਨ, ਹੈਡ ਡਰਾਫਟਮੈਨ ਤੇ ਬਿਲਡਿੰਗ ਅਫਸਰ ਮੌਜ਼ੂਦ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …