ਕਿਹਾ ਚਰਚਾਂ ਦੀ ਜਮੀਨ ਵੇਚਣ ਵਾਲਿਆਂ ‘ਤੇ ਦਰਜ਼ ਹੋਵੇਗੀ ਐਫ.ਆਈ.ਆਰ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ) – ਘੱਟਗਿਣਤੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਕਮਿਸ਼ਨ ਦਾ ਮੁੱਖ ਕੰਮ ਹੈ ਅਤੇ ਹਰੇਕ ਕੀਮਤ ‘ਤੇ ਘੱਟਗਿਣਤੀ ਦੇ
ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਰਾਜ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇੰਮਾਨੂੰਏਲ ਨਾਹਰ ਨੇ ਬੱਚਤ ਭਵਨ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।ਉਨ੍ਹਾਂ ਕਿਹਾ ਕਿ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਕੁੱਝ ਲੋਕਾਂ ਵੱਲੋਂ ਵਕਫ ਬੋਰਡ ਅਤੇ ਕਬਰਿਸਤਾਨਾਂ ਦੀ ਜ਼ਮੀਨਾਂ ’ਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ।ਪ੍ਰੋ. ਨਾਹਰ ਨੇ ਕਿਹਾ ਕਿ ਚਰਚ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰਨ ਵਾਲਿਆਂ ਖਿਲਾਫ ਐਫ.ਆਈ.ਆਰ ਦਰਜ਼ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਚਰਚ ਦੀਆਂ ਜ਼ਮੀਨਾਂ ਨੂੰ ਵੇਚਣਾ ਤੇ ਖਰੀਦਣਾ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।ਵਕਫ ਬੋਰਡ ਅਤੇ ਕਬਰਿਸਤਾਨਾਂ ਦੀਆਂ ਜ਼ਮੀਨਾਂ ਦੀ ਸੁਰੱਖਿਆ ਕੀਤੀ ਜਾਵੇਗੀ।ਉਨ੍ਹਾਂ ਨੇ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਚਰਚਾਂ ਦੀਆਂ ਜਮੀਨਾਂ ਦੀ ਰਜਿਸਟਰੀਆਂ ਨਾ ਕਰਨ।ਇਸ ਮਸਲੇ ਸਬੰਧੀ ਉਹ ਦੀਵਾਲੀ ਤੋਂ ਬਾਅਦ ਡੀ.ਜੀ.ਪੀ ਪੰਜਾਬ ਨਾਲ ਗੱਲਬਾਤ ਕਰਨਗੇ।
ਚੇਅਰਮੈਨ ਨੇ ਦੱਸਿਆ ਕਿ ਘੱਟਗਿਣਤੀਆਂ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਪ੍ਰੰਤੂ ਹੇਠਲੇ ਪੱਧਰ ਤੱਕ ਲੋਕਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ।ਇਸ ਲਈ ਸਕੁੂਲਾਂ, ਕਾਲਜਾਂ ਅਤੇ ਹੋਰ ਢੁੱਕਵੀਆਂ ਥਾਂਵਾਂ ‘ਤੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦੇ ਬੋਰਡ ਲਗਾਏ ਜਾਣਗੇ।ਸੂਬਾ ਸਰਕਾਰ ਵਲੋਂ ਪੱਧਰ ‘ਤੇ ਘੱਟਗਿਣਤੀ ਭਾਈਚਾਰੇ ਲਈ ਸਕਾਲਰਸ਼ਿਪ ਦੇਣ ‘ਤੇ ਉਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਟਗਿਣਤੀ ਭਾਈਚਾਰੇ ਦੇ ਬੈਕਵਰਡ ਕਲਾਸ ਦੇ ਸਰਟੀਫਿਕੇਟ ਬਣਾਏ ਜਾਣ।ਮੁਸਲਿਮ ਭਾਈਚਾਰੇ ਦੇ ਵੀ ਬੈਕਵਰਡ ਕਲਾਸ ਦੇ ਸਰਟੀਫਿਕੇਟ ਬਣਾਉਣ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ।
ਪ੍ਰੋ: ਨਾਹਰ ਨੇ ਭਰਾੜੀਵਾਲ ਵਿਖੇ ਕਬਰਿਸਤਾਨ ਲਈ ਜ਼ਮੀਨ ਦੇ ਦੇਣ ‘ਤੇ ਨਗਰ ਨਿਗਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਚੇਅਰਮੈਨ ਵੱਲੋਂ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਪਿੰਡ ਸ਼ੁਕਰਚੱਕ ਵਿਖੇ ਪੰਚਾਇਤੀ ਜ਼ਮੀਨ ‘ਤੇ ਬਣੇ ਗਿਰਜਾ ਘਰ ਦੇ ਕਬਜੇ ਸਬੰਧੀ ਜਲਦੀ ਤੋਂ ਜਲਦੀ ਸਟੇਟਸ ਰਿਪੋਰਟ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ।ਉਨ੍ਹਾਂ ਨੇ ਐਸ.ਡੀ.ਐਮ ਮਜੀਠਾ ਨੂੰ ਮਸੀਹੀ ਭਾਈਚਾਰੇ ਦੇ ਕਬਰਿਸਤਾਨਾਂ ਦੀਆਂ ਦੀਵਾਰਾਂ ਢਾਹੁਣ ਅਤੇ ਕੂੜੇ ਦੇ ਡੰਪ ਬਣਾਉਣ ਸਬੰਧੀ ਵੀ ਰਿਪੋਰਟ ਵੀ ਕਮਿਸ਼ਨ ਨੂੰ ਦੇਣ ਲਈ ਕਿਹਾ।ਕਮਿਸ਼ਨ ਨੇ ਘੱਟਗਿਣਤੀ ਭਾਈਚਾਰੇ ਵੱਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਉਨਾਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਇਹਨਾਂ ਨੂੰ ਹੱਲ ਕਰਨ ਆਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਮੁੱਧਲ, ਏ.ਡੀ.ਸੀ.ਪੀ ਸੰਦੀਪ ਮਲਿਕ, ਐਸ.ਡੀ.ਐਮ ਮਜੀਠਾ ਤੇ ਅੰਮ੍ਰਿਤਸਰ ਸ੍ਰੀਮਤੀ ਅਲਕਾ ਕਾਲੀਆ ਅਤੇ ਸ਼ਿਵਰਾਜ ਸਿੰਘ ਬੱਲ, ਤਹਿਸੀਲਦਾਰ ਅੰਮ੍ਰਿਤਸਰ ਮਨਜੀਤ ਸਿੰਘ, ਤਹਿਸੀਲਦਾਰ ਅਜਨਾਲਾ ਹਰਫੂਲ ਸਿੰਘ, ਜਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਗੁਰਪ੍ਰੀਤ ਸਿੰਘ ਗਿੱਲ, ਜਿਲ੍ਹਾ ਭਲਾਈ ਅਫਸਰ ਸੁਖਵਿੰਦਰ ਸਿੰਘ ਘੁੰਮਣ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media