ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗ੍ਰੀਨ ਅਤੇ ਰੋਜ਼ ਲੈਂਡ ’ਚ ਸਹੂਲਤਾਂ ਰੱਬ ਆਸਰੇ – ਐਡਹਾਕ ਕਮੇਟੀ
ਅੰਮ੍ਰਿਤਸਰ, 8 ਨਵੰਬਰ (ਖੁਰਮਣੀਆਂ) – ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗ੍ਰੀਨ ਅਤੇ ਰੋਜ਼ਲੈਂਡ ਸਮੇਤ ਚਾਰ ਰਿਹਾਇਸ਼ੀ ਕਾਲੋਨੀਆਂ ਦੇ ਵਾਸੀਆਂ ਵਲੋਂ ਗਠਿਤ ਐਡਹਾਕ ਕਮੇਟੀ ਨੇ ਇਲਾਕੇ ’ਚ ਬੁਨਿਆਦੀ ਸਹੂਲਤਾਂ ਰੱਬ ਆਸਰੇ ਹੋਣ ਸਬੰਧੀ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਨੂੰ ਮੰਗ ਪੱਤਰ ਸੌਂਪਿਆ ਹੈ।
13 ਮੈਂਬਰੀ ਐਡਹਾਕ ਕਮੇਟੀ ਨੇ ਕਿਹਾ ਕਿ ਕਲੋਨੀਆਂ ‘ਚ ਮੁੱਢਲੀਆਂ ਸਹੂਲਤਾਂ ਨਾ ਹੋਣ ਕਾਰਨ ਇਹਨਾਂ ਦੀ ਬਹੁਤ ਹੀ ਹਾਲਤ ਤਰਸਯੋਗ ਬਣੀ ਹੋਈ ਹੈ।ਨਗਰ ਨਿਗਮ, ਪੁਡਾ ਅਤੇ ਕਾਲੋਨਾਈਜਰਾਂ ਮੂਹਰੇ ਮੁਸ਼ਕਿਲਾਂ ਦਾ ਰੋਣਾ ਰੋਣ ਦ ਬਾਵਜ਼ੂਦ ਵੀ ਉਨਾਂ ਨੂੰ ਕੋਈ ਰਾਹਤ ਨਹੀਂ ਮਿਲੀ।
ਲੋਕਾਂ ਦੀਆਂ ਮੰਗਾਂ ਵਿੱਚ ਨਵੀਆਂ ਸੜਕਾਂ ਤੁਰੰਤ ਬਣਾਉਣਾ/ ਮੁਰੰਮਤ ਕਰਵਾਉਣਾ, ਸਟ੍ਰੀਟ ਲਾਈਟਾਂ ਦਾ ਯੋਗ ਪ੍ਰਬੰਧ ਕਰਵਾਉਣਾ, ਸੀਵਰੇਜ਼ ਦੀ ਨਿਕਾਸੀ ਦਰੁੱਸਤ ਕਰਨਾ, ਪਾਰਕ ਅਤੇ ਫੁੱਟਪਾਥਾਂ ਦੀ ਤੁਰੰਤ ਸਫਾਈ ਅਤੇ ਰੱਖ-ਰਖਾਅ, ਜਲ ਸਪਲਾਈ ਦਾ ਯੋਗ ਪ੍ਰਬੰਧ, ਕੂੜਾ ਕਰਕਟ ਦੀ ਲਿਫਟਿੰਗ ਲਈ ਯੋਗ ਪ੍ਰਬੰਧ ਕਰਨਾ, ਕਾਲੋਨੀ ਦੀਆਂ ਚਾਰਦੀਵਾਰੀਆਂ ਕਰਵਾਉਣਾ ਅਤੇ ਪੁੱਡਾ ਕਾਲੋਨੀਆਂ ਦੀਆਂ ਚਾਰਦੀਵਾਰੀਆਂ ‘ਚ ਪਏ ਪਾੜਾਂ ਦੀ ਤੁਰੰਤ ਮੁਰੰਮਤ ਕਰਵਾਉਣਾ, ਵਧ ਰਹੀ ਜੰਗਲੀ ਬੂਟੀ ਅਤੇ ਘਾਹ ਨੂੰ ਹਟਾਉਣਾ, ਰੋਜ਼ਾਨਾ ਸਫ਼ਾਈ ਲਈ/ਸਵੀਪਿੰਗ ਦਾ ਯੋਗ ਪ੍ਰਬੰਧ, ਸੁਰੱਖਿਆ ਲਈ ਗਾਰਡਾਂ ਦੀ ਤਾਇਨਾਤੀ, ਕਲੋਨੀ ‘ਚ ਬਿਜਲੀ ਸਪਲਾਈ ਬੇਹਤਰ ਕਰਨ ਅਤੇ ਫੁੱਟਪਾਥਾਂ ‘ਤੇ ਪਏ ਬਕਸਿਆਂ ਨੂੰ ਠੀਕ ਢੰਗ ਨਾਲ ਸਥਾਪਿਤ ਕਰਨਾ ਆਦਿ ਸ਼ਾਮਲ ਹਨ।
ਲੋਕਾਂ ਨੇ ਕਾਲੋਨੀਆਂ ਦੇ ਪ੍ਰੋਮਟਰਾਂ ਸਮੇਤ ਉਨਾਂ ਕਾਲੋਨਾਈਜ਼ਰਾਂ ‘ਤੇ ਵੀ ਆਪਣਾ ਗੁੱਸਾ ਕੱਢਿਆ, ਜਿੰਨਾਂ ਨੇ ਮਹਿੰਗੇ ਭਾਅ ਪਲਾਟ ਵੇਚ ਕੇ ਵੱਡੇ ਪੱਧਰ ‘ਤੇ ਪੈਸਾ ਕਮਾਇਆ ਅਤੇ ਹੁਣ ਲਾਜ਼ਮੀ ਵਿਕਾਸ ਕਾਰਜ਼ਾਂ ਨੂੰ ਪੂਰਾ ਕੀਤੇ ਬਿਨਾਂ ਗਾਇਬ ਹੋ ਗਏ ਹਨ।
ਉਨਾਂ ਕਿਹਾ ਕਿ ਜੇਕਰ ਮੁਸ਼ਕਿਲਾਂ ਦਾ ਨਿਪਟਾਰਾ ਜਲਦ ਨਾ ਕੀਤਾ ਗਿਆ ਤਾਂ ਮਜ਼ਬੂਰਨ ਉਨਾਂ ਨੂੰ ਤਿੱਖਾ ਸੰਘਰਸ਼ ਉਲੀਕਣਾ ਪਵੇਗਾ।ਸੌਂਪੇ ਗਏ ਮੰਗ ਪੱਤਰ ‘ਤੇ ਮੈਡਮ ਸੁਖਬੰਸ ਬਾਲਾ, ਗੁਰਜੀਤ ਸਿੰਘ ਔਲਖ, ਡਾ. ਵਿਨੈ ਸੁਖੀਜਾ, ਡਾ. ਕਸ਼ਮੀਰ ਸਿੰਘ ਖੁੰਡਾ, ਡਾ. ਰਾਜ ਸੁਖਵਿੰਦਰ ਸਿੰਘ ਕਲੇਰ, ਡੀ.ਐਸ ਰੰਧਾਵਾ, ਜੇ.ਪੀ ਸਿੰਘ, ਕਰਨਲ ਰਘੂਬੀਰ ਸਿੰਘ, ਹਰਜਿੰਦਰ ਸਿੰਘ ਬਮਰਾਹ, ਰਛਪਾਲ ਸਿੰਘ ਅਤੇ ਧਰਮਿੰਦਰ ਸਿੰਘ ਦੇ ਹਸਤਾਖਰ ਹਨ।