Friday, June 26, 2026

ਸਿੱਖ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਲਾਹੁਣ ਦਾ ਫੈਡਰੇਸ਼ਨ ਮਹਿਤਾ ਨੇ ਲਿਆ ਸਖਤ ਨੋਟਿਸ

ਢੋਟ ਨੇ ਪੱਗਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਕੀਤੀ ਸਖਤ ਤਾੜਨਾ

PPN24101405
ਅੰਮ੍ਰਿਤਸਰ 24 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਵਿਚ ਸਿੱਖ ਪ੍ਰਦਰਸ਼ਕਾਰੀਆਂ ਦੀਆਂ ਪੁਲਿਸ ਵੱਲੋਂ ਲਾਹੀਆਂ ਜਾ ਰਹੀਆ ਪੱਗਾਂ ਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਸਖਤ ਨੋਟਿਸ ਲਿਆ ਹੈ।ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਕੌਂਸਲਰ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਪੱਗ ਸਿੱਖ ਦੀ ਆਨ ਤੇ ਸ਼ਾਨ ਹੈ, ਪਰ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿਚ ਪ੍ਰਦਰਸ਼ਕਾਰੀ ਸਿੱਖਾਂ ਦੀਆਂ ਪੱਗਾਂ ਲਾਹ ਕੇ ਜੋ ਬੇਅਦਬੀ ਕੀਤੀ ਜਾ ਰਹੀ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ।ਢੋਟ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਿੱਖਾਂ ਨਾਲ ਪੱਗੜੀ ਨੂੰ ਲੈ ਕੇ ਕਈ ਵਾਰ ਜਾਣੇ ਅਣਜਾਣੇ ਵਿਚ ਕੀਤੀ ਜਾਂਦੀ ਬਦਸਲੂਕੀ ਤਾਂ ਸਮਝ ਆਉਂਦੀ ਹੈ, ਪਰ ਆਪਣੇ ਹੀ ਦੇਸ਼ ਅਤੇ ਸੂਬੇ ਵਿਚ ਸਿੱਖਾਂ ਦੀਆਂ ਪੱਗਾਂ ਰੋਲੀਆਂ ਜਾਣ ਇਸਤੋਂ ਜ਼ਿਆਦਾ ਦੁੱਖਦਾਈ ਗੱਲ ਕਿਹੜੀ ਹੋ ਸਕਦੀ ਹੈ।ਢੋਟ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਸਿੱਖਾਂ ਨੂੰ ਇਕ ਸੋਚੀ ਸਮਝੀ ਸਾਜਿਸ਼ ਦਾ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਪੱਗੜੀ ਨੁੰ ਜੋ ਰੋਲਿਆ ਜਾ ਰਿਹਾ ਹੈ ਉਸਨੂੰ ਫੈਡਰੇਸ਼ਨ ਹੋਰ ਸਹਿਣ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਸਰਬੱਤ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਗਈ ਦਸਤਾਰ ਦਾ ਸਨਮਾਨ ਹਰ ਹਿੱਲੇ ਕਾਇਮ ਰੱਖਿਆ ਜਾਵੇਗਾ। ਇਸ ਵਾਸਤੇ ਸਾਨੂੰ ਭਾਵੇਂ ਕੋਈ ਵੀ ਸੰਘਰਸ਼ ਛੇੜਨਾ ਕਿਉਂ ਨਾ ਪਵੇ। ਢੋਟ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਹੁਕਮ ਜ਼ਾਰੀ ਕਰਨ ਕਿ ਪ੍ਰਦਰਸ਼ਨਕਾਰੀ ਸਿੱਖਾਂ ਦੀ ਪਗੜੀ ਦਾ ਪੂਰੀ ਤਰ੍ਹਾਂ ਸਨਮਾਨ ਕੀਤਾ ਜਾਵੇ ਅਤੇ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਸਿੱਖ ਦੀ ਪੱਗ ਨੂੰ ਹੱਥ ਨਾ ਪਾਵੇ, ਜੇਕਰ ਫਿਰ ਵੀ ਕੋਈ ਜਾਣ ਬੁਝ ਕੇ ਪੱਗ ਦੇ ਬੇਅਦਬੀ ਕਰਦਾ ਹਾਂ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਢੋਟ ਨੇ ਕਿਹਾ ਕਿ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ ਜਾਵੇਗਾ।ਆਖਿਰ ਵਿਚ ਢੋਟ ਨੇ ਸਿੱਖਾਂ ਦੀਆਂ ਪੱਗਾਂ ਨੂੰ ਮਜ਼ਾਕ ਸਮਝਣ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਝ ਆ ਜਾਣ ਨਹੀਂ ਤਾਂ ਫੈਡਰੇਸ਼ਨ ਮਹਿਤਾ ਉਨ੍ਹਾਂ ਸੰਬੰਧੀ ਸਖਤ ਕਦਮ ਉਠਾਏਗੀ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply