ਇਨਸਾਨ ਨੇ ਕੰਪਿਊਟਰ ਦਾ ਨਿਰਮਾਣ ਕੀਤਾ ਨਾ ਕਿ ਕੰਪਿਊਟਰ ਨੇ ਇਨਸਾਨ ਦਾ – ਸ: ਛੀਨਾ
ਅੰਮ੍ਰਿਤਸਰ, 24 ਅਕਤੂਬਰ (ਪ੍ਰੀਤਮ ਸਿੰਘ)- ਵਿੱਦਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਨਾਮਣਾ ਖੱਟ ਰਹੇ ਖਾਲਸਾ ਕਾਲਜ ਸੀ: ਸੈ: ਸਕੂਲ ਦਾ 122ਵਾਂ ਸਥਾਪਨਾ ਦਿਵਸ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ। ਇਸ ਮੌਕੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਵਿਦਿਆਰਥੀਆਂ ਵੱਲੋਂ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ ਕੀਤਾ ਗਿਆ। ਸਕੂਲ ਦੀ ਸਥਾਪਨਾ ਦਿਵਸ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਵਾਈ।
ਸ: ਛੀਨਾ ਨੇ ਸਮੂੰਹ ਸਟਾਫ ਅਤੇ ਵਿਦਿਆਰਥੀਆਂ ਨੂੰ 122ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਸਾਡੇ ਵੱਡ-ਵੱਡੇਰੇ ਇਸ ਸਕੂਲ ਤੋਂ ਪੜ੍ਹਕੇ ਅੱਜ ਵੱਖ-ਵੱਖ ਕਿੱਤਿਆ ਵਿੱਚ ਨਾਮਣਾ ਖੱਟ ਰਹੇ ਹਨ ਅਤੇ ਸਾਨੂੰ ਮਾਣ ਹੈ ਕਿ ਸਕੂਲ ਦੇ ਪੜ੍ਹੇ-ਲਿਖੇ ਸਾਡੇ ਵੱਡ-ਵੱਡੇਰੇ ਤੇ ਪੜ੍ਹ ਰਹੇ ਵਿਦਿਆਰਥੀਆਂ ਨੇ ਸਕੂਲ ਦੇ ਨਾਂਅ ਨੂੰ ਚਾਰ ਚੰਨ ਲਗਾਇਆ ਹੈ। ਉਨ੍ਹਾਂ ਕਿਹਾ ਕਿ ਹਰੇਕ ਬੱਚੇ ਨੂੰ ਪ੍ਰਮਾਤਮਾ ਨੇ ਸੋਚ-ਸਮਝਣ ਲਈ ਸ਼ਕਤੀ ਪ੍ਰਦਾਨ ਕੀਤੀ ਹੈ ਤੇ ਸਕੂਲ ਵਿੱਚ ਅਧਿਆਪਕ ਵਿਦਿਆਰਥੀਆਂ ਦੇ ਦਿਮਾਗ ਨੂੰ ਤ੍ਰਾਸ਼ਕੇ ਉਸਨੂੰ ਸਹੀ ਮਾਰਗ ਦਰਸ਼ਕ ਤੇ ਕਾਮਯਾਬੀ ਦੀ ਬੁਲੰਦੀਆਂ ‘ਤੇ ਲਿਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆ ਕਿਹਾ ਕਿ ਹਰੇਕ ਆਪਣੀ ਸਮਝ ਨੂੰ ਉਜਾਗਰ ਕਰੇ, ਕਿਉਂਕਿ ਕੰਪਿਊਟਰ ਦਾ ਨਿਰਮਾਣ ਇਨਸਾਨ ਦੀ ਸੋਚ ਦਿਮਾਗ ਰੂਪੀ ਚਿੱਪ ਤੋਂ ਹੋਇਆ ਹੈ ਨਾ ਕਿ ਕੰਪਿਊਟਰ ਨੇ ਇਨਸਾਨ ਨੂੰ ਬਣਾਇਆ ਹੈ।
ਇਸ ਤੋਂ ਪਹਿਲਾਂ ਸ: ਛੀਨਾ ਨੇ ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ, ਕੌਂਸਲ ਦੇ ਜੁਆਇੰਟ ਸਕੱਤਰ ਸ: ਸੁਖਦੇਵ ਸਿੰਘ ਅਬਦਾਲ, ਸਰਦੂਲ ਸਿੰਘ ਮੰਨਣ, ਮੈਂਬਰ ਗੁਰਮਹਿੰਦਰ ਸਿੰਘ, ਸ: ਮੁਖ਼ਤਾਰ ਸਿੰਘ, ਸ: ਜੋਗਾ ਸਿੰਘ ਦੀ ਹਾਜ਼ਰੀ ਵਿੱਚ ਸਕੂਲ ਵਿਖੇ ਨਵੇਂ ਬਣੇ ਰਿਟਾਇਰਿੰਗ ਰੂਮ, ਮੈਥ ਲੈਬ, ਪੀਣ ਵਾਲੇ ਪਾਣੀ ਦੀਆਂ ਟੂਟੀਆਂ ਅਤੇ ਵਿਦਿਆਰਥੀਆਂ ਲਈ ਨਵੇਂ ਬਣੇ ਬਾਥਰੂਮਾਂ ਦਾ ਉਦਘਾਟਨ ਕੀਤਾ ਗਿਆ। ਪ੍ਰਿੰ: ਸ: ਭੰਗੂ ਨੇ ਸਕੂਲ ਦੇ ਸਥਾਪਨਾ ਦਿਵਸ ਦੀ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਛੀਨਾ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਂਟ ਕੀਤੇ ਗਏ। ਸਿੱਖ ਇਤਿਹਾਸ ਖੋਜ ਵਿਭਾਗ ਦੇ ਸ: ਇੰਦਰਜੀਤ ਸਿੰਘ ਗੋਗੋਆਣੀ ਨੇ ਸਕੂਲ ਦੇ ਇਤਿਹਾਸ ਸਬੰਧੀ ਹਾਜ਼ਰ ਸਖ਼ਸ਼ੀਅਤਾਂ ਤੇ ਸਟਾਫ਼ ਤੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਹੁਨਰਮੰਦ ਵਿਦਿਆਰਥੀਆਂ ਨੂੰ ਸ: ਛੀਨਾ ਨੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ।