ਦਾਅਵੇ ਅਤੇ ਇਤਰਾਜ਼ ਆਨਲਾਈਨ ਵੀ ਕੀਤੇ ਜਾ ਸਕਦੇ ਹਨ -ਜਿਲਾ ਨੋਡਲ ਅਫਸਰ
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.01.2021 ਦੀ ਯੋਗਤਾ ਦੇ ਅਧਾਰ ‘ਤੇ ਡਰਾਫਟ ਫੋਟੋ
ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 16.11.2020 ਨੂੰ ਅੱਜ ਕਰ ਦਿੱਤੀ ਗਈ ਹੈ ਅਤੇ ਵੱਖ-ਵੱਖ ਰਾਜਨੀਤੀਕ ਪਾਰਟੀਆਂ ਦੇ ਆਗੂਆਂ ਨੂੰ ਵੋਟਰ ਸੂਚੀ ਦੀ ਮੁੱਢਲੀ ਕਾਪੀ ਦੀ ਸੀ.ਡੀ (ਬਿਨਾਂ ਫੋਟੋ ਤੋਂ) ਅਤੇ ਹਾਰਡ ਕਾਪੀ ਵੀ ਸਪਲਾਈ ਕਰ ਦਿੱਤੀ ਹੈ।
ਐਸ.ਡੀ.ਐਮ ਮਜੀਠਾ-ਕਮ-ਜ਼ਿਲਾ ਨੋਡਲ ਅਫਸਰ ਸਵੀਪ ਸ਼੍ਰੀਮਤੀ ਅਲਕਾ ਕਾਲੀਆ ਨੇ ਸਮੂਹ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆ ਦੇ ਜਿਲਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਅਤੇ ਉਹਨਾ ਨੂੰ ਸੁਧਾਈ ਦੇ ਪ੍ਰੋਗਰਾਮ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਵਿਸਥਾਰਤ ਜਾਣਕਾਰੀ ਦਿਤੀ।ਉਨਾਂ ਦੱਸਿਆ ਕਿ ਇਹ ਵੋਟਰ ਸੂਚੀਆਂ ਆਮ ਜਨਤਾ ਦੇ ਵੇਖਣ ਲਈ ਸਬੰਧਤ ਬੀ.ਐਲ.ਓ ਦਫਤਰ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰਾਂ ਵਿਖੇ ਵੀ ਉਪਲੱਬਧ ਹੋਣਗੀਆਂ।ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ / ਇਤਰਾਜ਼ ਮਿਤੀ 16.11.2020 ਤੋਂ 15.12.2020 ਤੱਕ ਪ੍ਰਾਪਤ ਕੀਤੇ ਜਾਣੇ ਹਨ ਅਤੇ ਸਪੈਸ਼ਲ ਮੁਹਿੰਮ ਤਹਿਤ 21.11.2020, 22.11.2020, 05.12.2020 ਅਤੇ 6.12.2020 ਨੂੰ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ‘ਤੇ ਬੈਠਣਗੇ ਅਤੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ।ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹਾਇਤਾ ਲਈ ਟੋਲ ਫ੍ਰੀ ਨੰਬਰ 1950 ਵੀ ਜਾਰੀ ਕੀਤਾ ਗਿਆ ਹੈ।ਜਿਸ ‘ਤੇ ਕੋਈ ਵੀ ਵੋਟਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਜਿਲਾ ਨੋਡਲ ਅਫਸਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 15.01.2021 ਨੂੰ ਕੀਤੀ ਜਾਵੇਗੀ।ਉਹਨਾਂ ਇਹ ਵੀ ਦੱਸਿਆ ਕਿ ਕੋਈ ਵੀ ਨਾਗਰਿਕ ਭਾਰਤ ਚੋਣ ਕਮਿਸ਼ਨ ਦੀ ਵੈਬਸਾਇਟ www.nvsp.in ’ਤੇ ਲਾਗਇਨ ਕਰਕੇ ਆਨਲਾਇਨ ਵੋਟ ਬਣਾਉਣ ਲਈ ਫਾਰਮ 6, ਵੋਟ ਕਟਾਉਣ ਲਈ ਫਾਰਮ 7, ਵੋਟਰ ਕਾਰਡ ਵਿੱਚ ਕਿਸੇ ਵੀ ਤਰਾਂ ਦੀ ਦਰੁੱੱੱਸਤੀ ਲਈ ਫਾਰਮ 8 ਅਤੇ ਇੱਕ ਹੀ ਚੋਣ ਹਲਕੇ ਵਿੱਚ ਇੱਕ ਬੂਥ ਤੋਂ ਦੂਜੇ ਬੂਥ ਵਿੱਚ ਵੋਟ ਸ਼ਿਫਟ ਕਰਨ ਲਈ ਫਾਰਮ 8-ਏ ਭਰਿਆ ਸਕਦਾ ਹੈ।
ਮੈਡਮ ਕਾਲੀਆ ਨੇ ਦੱਸਿਆ ਕਿ 1-1-2021 ਦੀ ਯੋਗਤਾ ਮਿਤੀ ਦੇ ਆਧਾਰ ‘ਤੇ ਡਰਾਫਟ ਫੋਟੋ ਵੋਟਰ ਵਿੱਚ ਜਿਲੇ ‘ਚ ਪੈਂਦੇ 11 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਕੁੱਲ 1857624 ਵੋਟਰ ਹਨ, ਜਿਨਾਂ ਵਿਚੋਂ ਮਰਦਾਂ ਦੀ ਸੰਖਿਆ 982904 ਅਤੇ ਔਰਤਾਂ ਦੀ ਸੰਖਿਆ 874650 ਅਤੇ 70 ਹੋਰ ਹਨ।ਉਨਾਂ ਦੱਸਿਆ ਕਿ ਇਸ ਕੰਮ ਲਈ 2037 ਬੀ.ਐਲ.ਓ ਨਿਯੁੱਕਤ ਕੀਤੇ ਗਏ ਹਨ।
ਇਸ ਮੌਕੇ ਚੋਣ ਤਹਿਸੀਲਦਾਰ ਰਾਜਿੰਦਰ ਸਿੰਘ ਤੋਂ ਇਲਾਵਾ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਰਾਜੀਵ ਬਾਵਾ, ਭਾਰਤੀ ਜਨਤਾ ਪਾਰਟੀ ਵਲੋਂ ਸਤਪਾਲ ਡੋਗਰਾ, ਸ਼੍ਰੋਮਣੀ ਅਕਾਲੀ ਦਲ ਵਲੋਂ ਜਸਪਾਲ ਸਿੰਘ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਵਲੋਂ ਜਸਵੰਤ ਸਿੰਘ ਗਿੱਲ, ਕਮਿਊਨਿਸਟ ਪਾਰਟੀ ਵਲੋਂ ਵਿਜੈ ਕਪੂਰ, ਆਮ ਆਦਮੀ ਪਾਰਟੀ ਵਲੋਂ ਇਕਬਾਲ ਸਿੰਘ ਹਾਜ਼ਰ ਹੋਏ।
Punjab Post Daily Online Newspaper & Print Media