Thursday, April 16, 2026

ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਰਚੂਅਲ ਉਦਘਾਟਨ

ਕਿਹਾ ਲੋਕਾਂ ਨੂੰ ਪਿੰਡ ਪੱਧਰ ‘ਤੇ ਹੀ ਮਿਲਣਗੀਆਂ ਸਿਹਤ ਸਹੂਲਤਾਂ

ਪਠਾਨਕੋਟ, 22 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ ਤੋਂ ਆਨਲਾਈਨ ਸਮਾਗਮ ਦੌਰਾਨ ਸੂਬੇ ਭਰ ਵਿਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਉਦਘਾਟਨ ਕੀਤਾ।ਪਠਾਨਕੋਟ ਵਿੱਚ ਵੀ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਰਚੁਅਲ ਸਮਾਰੋਹ ਕਰਵਾਇਆ ਗਿਆ।
                   ਜਿਸ ਦੇ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਕੋਵਿਡ ਦੌਰਾਨ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਸਰਾਹਨਾ ਕਰਦਿਆਂ ਕਿਹਾ ਕਿ ਇੰਨਾਂ ਯੋਧਿਆ ਸਦਕਾ ਹੀ ਇਸ ਬਿਮਾਰੀ ‘ਤੇ ਕਾਬੂ ਪਿਆ ਹੈ।ਉਨਾਂ ਨੇ ਕੋਵਿਡ ਦੇ ਵਰਤਮਾਨ ਰੁਝਾਨ ਦੇ ਮੱਦੇਨਜਰ ਸੂਬਾ ਵਾਸੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਮਿਸ਼ਨ ਫਤਿਹ ਤਹਿਤ ‘ਮਾਸਕ ਹੀ ਵੈਕਸੀਨ ਹੈ’ ਦਾ ਨਾਅਰਾ ਦਿੱਤਾ ਜੋ ਇਸ ਲੜਾਈ ਵਿਚ ਕਾਰਗਰ ਸਿੱਧ ਹੋ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਹਤ ਕੇਂਦਰ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜ਼ਦੀਕ ਹੀ ਮੁੱਢਲੀਆਂ ਸਿਹਤ ਸੇਵਾਵਾਂ ਦੇਣਗੇ।ਇੰਨਾਂ ਸਿਹਤ ਕੇਂਦਰਾਂ ਵਿੱਚ 27 ਪ੍ਰਕਾਰ ਦੀਆਂ ਦਵਾਈਆਂ ਅਤੇ 6 ਪ੍ਰਕਾਰ ਦੇ ਮੈਡੀਕਲ ਟੈਸਟ ਬਿਲਕੁੱਲ ਮੁਫ਼ਤ ਕੀਤੇ ਜਾਂਦੇ ਹਨ।ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਮੰਨਿਆ ਹੈ ਕਿ ਪੰਜਾਬ ਸਿਹਤ ਸਹੁਲਤਾਂ ਮੁਹੱਈਆਂ ਕਰਵਾਉਣ ਵਿੱਚ ਮੋਹਰੀ ਸੂਬਾ ਹੈ।ਉਨਾਂ ਨੇ ਕਿਹਾ ਕਿ ਰਾਜ ਵਿਚ 3049 ਕੇਂਦਰ ਸਥਾਪਿਤ ਕੀਤੇ ਜਾਣ ਦਾ ਟੀਚਾ ਹੈ ਜਿਸ ਵਿਚੋਂ 2046 ਸਥਾਪਿਤ ਕੀਤੇ ਜਾ ਚੁੱਕੇ ਹਨ। ਜਦ ਕਿ 800 ਹੋਰ ਅਗਲੇ ਦੋ ਮਹੀਨੇ ਵਿਚ ਸ਼ੁਰੂ ਕਰ ਦਿੱਤੇ ਜਾਣਗੇ।
               ਕੋਵਿਡ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਪੀ.ਪੀ.ਈ ਕਿੱਟਾਂ, 95 ਐਨ ਮਾਸਕ ਅਤੇ ਹੋਰ ਡਾਕਟਰੀ ਸਾਜ਼ੋ ਸਮਾਨ ‘ਤੇ ਸੂਬੇ ਵਿਚ 184.95 ਕਰੋੜ ਰੁਪਏ ਖਰਚ ਕੀਤੇ ਹਨ।ਜਦ ਕਿ 5.57 ਕਰੋੜ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ।ਉਨਾਂ ਨੇ ਸਿਹਤ ਬੀਮਾ ਯੋਜਨਾ, ਬਾਲ ਸਵਾਸਥ ਪ੍ਰੋਗਰਾਮ, ਹੈਪੇਟਾਈਟਸ ਅਤੇ ਕੈਂਸਰ ਦੇ ਇਲਾਜ਼ ਦੀ ਸਹੁਲਤ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਿਹਤ ਵਿਭਾਗ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।
                ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇੰਨਾਂ ਸਿਹਤ ਕੇਂਦਰਾਂ ਵਿੱਚ ਮਾਰਚ 2019 ਤੋਂ ਹੁਣ ਤੱਕ 55 ਲੱਖ ਲੋਕਾਂ ਨੇ ਇਲਾਜ਼ ਕਰਵਾਇਆ ਹੈ।ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਤੇ ਸਕੱਤਰ ਸਿਹਤ ਵਿਭਾਗ ਹੁਸਨ ਲਾਲ ਨੇ ਵੀ ਇਨ੍ਹਾਂ ਸਮਾਗਮਾਂ ਨੂੰ ਸੰਬੋਧਨ ਕੀਤਾ।ਵੱਖ ਵੱਖ ਜ਼ਿਲਿਆਂ ਤੋਂ ਡਾਕਟਰਾਂ ਅਤੇ ਸਿਹਤ ਕਰਮੀਆਂ ਨੇ ਵੀ ਮੁੱਖ ਮੰਤਰੀ ਨਾਲ ਆਨਲਾਈਨ ਗੱਲਬਾਤ ਕੀਤੀ।
                 ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ 34 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਤੋਂ ਲੋਕਾਂ ਨੂੰ ਲਾਭ ਮਿਲੇਗਾ।ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਆਪਣੇ ਇਲਾਜ਼ ਲਈ ਦੂਰ ਦੁਰਾਡੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ।
ਇਸ ਮੋਕੇ ਅਨਿਲ ਦਾਰਾ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਪਠਾਨਕੋਟ, ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ ਅਤੇ ਹੋਰ ਸਿਹਤ ਵਿਭਾਗ ਦਾ ਸਟਾਫ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …