Saturday, September 26, 2026

ਸਵਿਸ ਸਿਟੀ ਕਾਲੋਨੀਆਂ ਵਾਸੀਆਂ ਨੇ ਵਿਧਾਇਕ ਤਰਸੇਮ ਡੀ.ਸੀ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 22 ਨਵੰਬਰ (ਖੁਰਮਣੀਆਂ) – ਹਲਕਾ ਅਟਾਰੀ ਵਿਧਾਇਕ ਤਰਸੇਮ ਸਿੰਘ ਡੀ.ਸੀ ਨੂੰ ਅੱਜ ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗਰੀਨ ਅਤੇ ਰੋਜ਼ਲੈਂਡ ਸਮੇਤ ਚਾਰ ਰਿਹਾਇਸ਼ੀ ਕਾਲੋਨੀਆਂ ਦੇ ਵਾਸੀਆਂ ਵਲੋਂ ਇਲਾਕੇ ਦੀਆਂ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸੌਂਪਿਆ।ਕਮੇਟੀ ਮੈਂਬਰਾਂ ਨੇ ਕਿਹਾ ਕਿ ਕਾਲੋਨੀਆਂ ਦੇ ਵਸਨੀਕਾਂ ਨੂੰ ਮੁਸ਼ਕਲਾਂ ਤੋਂ ਨਿਜ਼ਾਤ ਦਿਵਾਉਣ ਲਈ ਅਜੇ ਤੱਕ ਜ਼ਿਲਾ ਪ੍ਰਸ਼ਾਸ਼ਨ ਵਲੋਂ ਕੋਈ ਵੀ ਹੀਲਾ ਨਹੀਂ ਕੀਤਾ ਗਿਆ ਹੈ।
               ਉਪਰੋਕਤ ਕਾਲੋਨੀਆਂ ਦੀ ਤਰਸਯੋਗ ਹਾਲਾਤ ਬਾਰੇ ਦੱਸਦਿਆਂ ਵਸਨੀਕਾਂ ਨੇ ਕਿਹਾ ਕਿ ਕਾਲੋਨੀਆਂ ‘ਚ ਮੁੱਢਲੀਆਂ ਸਹੂਲਤਾਂ ਨਾ ਹੋਣ ਕਾਰਨ ਬਹੁਤ ਹੀ ਤਰਸਯੋਗ ਹਾਲਤ ਬਣੀ ਹੋਈ ਹੈ।ਉਨਾਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਉਹ ਬਹੁਤ ਜ਼ਿਆਦਾ ਬਦਤਰ ਹਾਲਾਤਾਂ ’ਚ ਰਹਿ ਰਹੇ ਹਨ ਅਤੇ ਨਗਰ ਨਿਗਮ, ਪੁਡਾ ਅਤੇ ਕਾਲੋਨਾਈਜਰਾਂ ਮੂਹਰੇ ਉਨਾਂ ਵਲੋਂ ਬਾਰ ਬਾਰ ਮੁੱਦਾ ਉਠਾਏ ਜਾਣ ‘ਤੇ ਵੀ ਉਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ।
                ਉਨਾਂ ਕਾਲੋਨੀਆਂ ਸਬੰਧੀ ਮੰਗਾਂ ਜਿਵੇਂ ਕਿ ਸੜਕਾਂ ਨੂੰ ਤੁਰੰਤ ਨਵੀਆਂ ਬਣਾਉਣਾ/ਮੁਰੰਮਤ ਕਰਵਾਉਣਾ, ਸਟਰੀਟ ਲਾਈਟਾਂ, ਸੀਵਰੇਜ਼ ਲਾਈਨਾਂ, ਪਾਰਕ ਅਤੇ ਫੁੱਟਪਾਥਾਂ ਦੀ ਤੁਰੰਤ ਸਫਾਈ ਅਤੇ ਰੱਖ-ਰਖਾਅ, ਜਲ ਸਪਲਾਈ, ਕੂੜਾ ਕਰਕਟ ਚੁੱਕਵਾਉਣ, ਕਾਲੋਨੀ ਦੀਆਂ ਚਾਰਦੀਵਾਰੀਆਂ ਕਰਵਾਉਣਾ ਅਤੇ ਪੁੱਡਾ ਕਾਲੋਨੀਆਂ ਦੀਆਂ ਚਾਰਦੀਵਾਰੀਆਂ ‘ਚ ਪਏ ਪਾੜਾਂ ਦੀ ਤੁਰੰਤ ਮੁਰੰਮਤ, ਵੱਧ ਰਹੀ ਜੰਗਲੀ ਬੂਟੀ ਅਤੇ ਘਾਹ ਨੂੰ ਹਟਾਉਣਾ, ਸਵੀਪਿੰਗ ਅਤੇ ਸੁਰੱਖਿਆ ਲਈ ਗਾਰਡਾਂ ਦੀ ਤਾਇਨਾਤੀ, ਕਲੋਨੀ ‘ਚ ਬਿਜਲੀ ਸਪਲਾਈ ਅਤੇ ਫੁੱਟਪਾਥਾਂ ‘ਤੇ ਪਏ ਬਕਸਿਆਂ ਨੂੰ ਠੀਕ ਢੰਗ ਨਾਲ ਸਥਾਪਿਤ ਕਰਨ ਆਦਿ ਬਾਰੇ ਜਾਣੂ ਕਰਵਾਇਆ।ਵਸਨੀਕਾਂ ਨੇ ਕਾਲੋਨੀਆਂ ਦੇ ਪ੍ਰੋਮੋਟਰਾਂ ’ਤੇ ਵੀ ਆਪਣਾ ਗੁੱਸਾ ਕੱਢਿਆ।ਉਨਾਂ ਕਿਹਾ ਕਿ ਜੇਕਰ ਉਕਤ ਕਾਲੋਨੀ ਸਬੰਧੀ ਮੁਸ਼ਕਲਾਂ ਦਾ ਨਿਪਟਾਰਾ ਜਲਦ ਨਾ ਕੀਤਾ ਗਿਆ ਤਾਂ ਮਜ਼ਬੂਰਨ ਉਨਾਂ ਨੂੰ ਤਿੱਖਾ ਸੰਘਰਸ਼ ਉਲੀਕਣਾ ਪਵੇਗਾ।
                ਇਸ ਮੌਕੇ ਮੈਡਮ ਸੁਖਬੰਸ ਬਾਲਾ, ਗੁਰਜੀਤ ਸਿੰਘ ਔਲਖ, ਡਾ. ਕਸ਼ਮੀਰ ਸਿੰਘ ਖੁੰਡਾ, ਡਾ. ਰਾਜ ਸੁਖਵਿੰਦਰ ਸਿੰਘ ਕਲੇਰ, ਡੀ. ਐਸ.ਰੰਧਾਵਾ, ਸੁਰਿੰਦਰ ਸਿੰਘ ਕੋਹਲੀ, ਕਰਨਲ ਰਘੂਬੀਰ ਸਿੰਘ, ਹਰਜਿੰਦਰ ਸਿੰਘ ਬਮਰਾਹ, ਰਛਪਾਲ ਸਿੰਘ ਮੌਜੂਦ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …