ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਵਸ ਮੌਕੇ ਲੰਡਨ ‘ਚ ਪੰਜਾਬੀ ਅਤੇ ਸਿੱਖਾਂ ਦੀ ਵੱਡੀ ਆਬਾਦੀ ਵਾਲੇ ਖੇਤਰ ਸਾਊਥਾਲ ਦੀ ਹੈਨਰੀ ਹੈਵਲਾਕ ਰੋਡ ਦਾ ਨਾਮ ਬਦਲ ਕੇ ‘ਗੁਰੂ ਨਾਨਕ ਰੋਡ’ ਰੱਖਣ ਦਾ ਸਵਾਗਤ ਕਰਦਿਆਂ ਜਿਥੇ ਲੰਡਨ ਬਾਰੋਅ ਆਫ ਈਲਿੰਗ ਕੌਂਸਲ ਦਾ ਧੰਨਵਾਦ ਕੀਤਾ, ਉਥੇ ਇਸ ਪ੍ਰਾਪਤੀ ਲਈ ਸਮੂਹ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਕਿ ਐਂਗਲੋ ਸਿੱਖ ਵਾਰ ਅਤੇ 1857 ਦੇ ਭਾਰਤੀ ਵਿਦਰੋਹ ਨੂੰ ਦਬਾਉਣ ‘ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਇੱਕ ਬ੍ਰਿਟਿਸ਼ ਅਧਿਕਾਰੀ ਮੇਜਰ ਜਨਰਲ ਸਰ ਹੈਨਰੀ ਹੈਵਲੋਕ ਦੇ ਨਾਮ ਰੱਖੇ ਗਏ ਹੈਵਲੋਕ ਰੋਡ ‘ਤੇ ਭਾਰਤ ਤੋਂ ਬਾਹਰ ਲੰਡਨ ਹੀ ਨਹੀਂ ਸਗੋਂ ਯੂਰਪ ‘ਚ ਸਭ ਤੋਂ ਵੱਡਾ ਗੁਰਦੁਆਰਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਸਥਿਤ ਹੈ, ਉਕਤ ਰੋਡ ਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਰੱਖਣ ਦੇ ਪ੍ਰਸਤਾਵ ਨੂੰ ਕੌਂਸਲ ਵੱਲੋਂ ਮਨਜ਼ੂਰੀ ਦੇਣ ਨਾਲ ਸਿੱਖ ਭਾਈਚਾਰੇ ਦੀ ਚਿਰਾਂ ਤੋਂ ਕੀਤੀ ਜਾ ਰਹੀ ਅਹਿਮ ਮੰਗ ਪੂਰੀ ਹੋਈ ਹੈ।
ਉਨ੍ਹਾਂ ਉਕਤ ਕਾਰਜ ਲਈ ਲਾਬਿੰਗ ਕਰਨ ਅਤੇ ਪ੍ਰਸਤਾਵ ਪਾਸ ਕਰਾਉਣ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਥਾਨਕ ਸਿੱਖ ਆਗੂਆਂ, ਪੰਜਾਬੀ ਅਤੇ ਸਿੱਖ ਕੌਂਸਲਰਾਂ ਦੀ ਵੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਇਹ ਬ੍ਰਿਟਿਸ਼ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਦਾ ਭਾਵੇਂ ਕਿ ਇਕ ਛੋਟਾ ਜਿਹਾ ਕਦਮ ਹੋਣ ਦੇ ਬਾਵਜ਼ੂਦ ਲੰਡਨ ਦੇ ਸਿੱਖ ਭਾਈਚਾਰੇ ਵੱਲੋਂ ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਵਸ ਮੌਕੇ ਗੁਰੂ ਸਾਹਿਬ ਨੂੰ ਸਿੱਜ਼ਦਾ ਕਰਦਿਆਂ ਦਿੱਤਾ ਗਿਆ ਇਕ ਵਡਮੁੱਲਾ ਤੋਹਫ਼ਾ ਹੈ।
Check Also
ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ
ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …