
ਜਲੰਧਰ, ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਮੁਹੱਲਾ ਬਾਨੀਆਂ ਬਸਤੀ ਸ਼ੇਖ਼ ‘ਚ ਆਵਾਰਾ ਕੁੱਤੇ ਨੇ 3 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਕੱਟੇ ਗਏ ਲੋਕਾਂ ਨੂੰ ਬਾਅਦ ਵਿਚ ਇਲਾਕਾ ਕਾਸਲਰ ਸਿਮਰਜੀਤ ਸਿੰਘ ਬੰਟੀ ਨੇ ਆਪਣੇ ਖ਼ਰਚੇ ‘ਤੇ ਜ਼ਖ਼ਮੀਆਂ ਦਾ ਇਲਾਜ ਕਰਵਾਇਆ।ਬੀਤੇ ਦਿਨੀਂ ਵਾਰਡ ਨੰਬਰ 47 ‘ਚ ਘੁੰਮਦੇ ਆਵਾਰਾ ਕੁੱਤੇ ਨੇ ਬੱਚੇ ਪਲਵਲ ਮਹਿਰਾ ਸਮੇਤ 2 ਵਿਅਕਤੀਆਂ ਪੱਪੀ ਸੋਢੀ ਤੇ ਮਨੋਜ ਨੂੰ ਕੱਟ ਲਿਆ।ਆਵਾਰਾ ਕੁੱਤਾ ਤਾਂ ਹੋਰ ਵੀ ਲੋਕਾਂ ਨੂੰ ਕੱਟਣ ਲੱਗਾ ਸੀ ਪਰ ਇਲਾਕਾ ਵਾਸੀਆਂ ਨੇ ਉਸ ਨੂੰ ਦੌੜਾਇਆ।ਜਿਨ੍ਹਾਂ ਲੋਕਾਂ ਨੂੰ ਕੁੱਤੇ ਨੇ ਕੱਟਿਆ ਉਨ੍ਹਾਂ ਨੂੰ ਆਪਣੇ ਖ਼ਰਚੇ ‘ਤੇ ਇਲਾਕਾ ਕਾਸਲਰ ਸਿਮਰਜੀਤ ਸਿੰਘ ਬੰਟੀ ਨੇ ਇਲਾਜ ਕਰਵਾਇਆ।ਬੰਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕਈ ਵਾਰ ਨਿਗਮ ਪ੍ਰਸ਼ਾਸਨ ਨੂੰ ਆਵਾਰਾ ਕੁੱਤਿਆਂ ਨੂੰ ਉਠਾਉਣ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਹੈ ਜਿਸ ਕਰਕੇ ਆਵਾਰਾ ਕੁੱਤੇ ਲੋਕਾਂ ਨੂੰ ਕੱਟ ਰਹੇ ਹਨ ।
ਦੀਵਾਲੀ ਦੇ ਦਿਨ ਪਟਾਕੇ ਚੱਲਣ ਕਰਕੇ ਕੁੱਤਾ ਹਲਕ ਗਿਆ ਸੀ ਜਿਸ ਨੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।ਬੰਟੀ ਮੁਤਾਬਿਕ ਜਦੋਂ ਇਸ ਬਾਰੇ ਨਿਗਮ ਦੀ ਟੀਮ ਆਵਾਰਾ ਕੁੱਤੇ ਚੁੱਕਣ ਆਉਂਦੀ ਹੈ ਤਾਂ ਇੱਕ ਇਲਾਕੇ ਵਿਚੋਂ ਛੱਡ ਕੇ ਦੂਸਰੇ ਇਲਾਕੇ ਵਿਚ ਛੱਡ ਦਿੰਦੀ ਹੈ ਪਰ ਇਸ ਮਾਮਲੇ ਵਿਚ ਕਾਸਲਰਾਂ ਦੀ ਬਿਲਕੁਲ ਨਹੀਂ ਸੁਣੀ ਜਾਂਦੀ ਹੈ ।ਮੇਅਰ ਸੁਨੀਲ ਜੋਤੀ ਸ਼ਹਿਰ ਦੇ ਮਸਲੇ ਹੱਲ ਕਰਨ ਤੋਂ ਬੁਰੀ ਤਰ੍ਹਾਂ ਅਸਫਲ ਹੋ ਚੁੱਕੇ ਹਨ ਤੇ ਲੋਕ ਇਨ੍ਹਾਂ ਆਵਾਰਾ ਕੁੱਤਿਆਂ ਤੋਂ ਕਾਫ਼ੀ ਪ੍ਰੇਸ਼ਾਨ ਹਨ।ਚੇਤੇ ਰਹੇ ਕਿ ਸ਼ਹਿਰ ਵਿਚ ਆਵਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ ਹਨ ਕਿਉਂਕਿ ਕਈ ਲੋਕਾਂ ਨੂੰ ਕੁੱਤਿਆਂ ਵੱਲੋਂ ਕੱਟੇ ਜਾਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ।
ਸ਼ਹਿਰੀ ਆਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ
ਆਏ ਦਿਨ ਬੱਚਿਆਂ ਸਮੇਤ ਲੋਕਾਂ ਨੂੰ ਆਵਾਰਾ ਕੁੱਤੇ ਕੱਟ ਦਿੰਦੇ ਹਨ ਪਰ ਨਿਗਮ ਪ੍ਰਸ਼ਾਸਨ ਹੈ ਕਿ ਉਸ ‘ਤੇ ਕਿਸੇ ਵੀ ਤਰ੍ਹਾਂ ਦਾ ਅਸਰ ਨਹੀਂ ਹੋ ਰਿਹਾ ਹੈ।? ਆਵਾਰਾ ਕੁੱਤਿਆਂ ਦੀ ਸਮੱਸਿਆ ਹੱਲ ਕਰਨ ਲਈ ਹੁਣ ਤੱਕ ਤਾਂ ਹਵਾਈ ਯੋਜਨਾਵਾਂ ਬਣਾਈਆਂ ਜਾਂਦੀਆਂ ਰਹੀਆਂ ਹਨ । ਮੇਅਰ ਵੀ ਇਸ ਮਾਮਲੇ ਨੂੰ ਹੱਲ ਨਹੀਂ ਕਰਵਾ ਸਕੇ ਹਨ ਜਿਸ ਕਰਕੇ ਨਾ ਸਿਰਫ਼ ਸ਼ਹਿਰ ਦੇ ਹਰ ਹਿੱਸੇ ਵਿਚ ਸਗੋਂ ਅਰਬਨ ਅਸਟੇਟਾਂ ਵਰਗੇ ਪਾਸ਼ ਖੇਤਰਾਂ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਦੇਖੀ ਜਾ ਸਕਦੀ ਹੈ । ਆਵਾਰਾ ਕੁੱਤਿਆਂ ਦੀਆਂ ਘੁੰਮਦੀਆਂ ਟੋਲੀਆਂ ਤਾਂ ਬੱਚਿਆਂ ਨੂੰ ਇਕੱਲਾ ਦੇਖ ਕੇ ਉਨ੍ਹਾਂ ਦੇ ਉੱਪਰ ਹਮਲੇ ਕਰ ਦਿੰਦੀਆਂ ਹਨ ਤੇ ਕਈ ਵਾਰ ਬੱਚਿਆਂ ਨੂੰ ਨੋਚਣ ਦੇ ਮਾਮਲੇ ਸਾਹਮਣੇ ਆਏ ਹਨ ।
Punjab Post Daily Online Newspaper & Print Media