Wednesday, February 25, 2026

ਬਿਨਾਂ ਆਧਾਰ ਕਾਰਡ ਖਾਤੇ ‘ਚ ਆਏਗੀ ਸਿਲੰਡਰ ਦੀ ਸਬਸਿਡੀ

ਜਲੰਧਰ ਸਮੇਤ 54 ਸ਼ਹਿਰਾਂ ਵਿਚ 15 ਨਵੰਬਰ ਤੋਂ ਸ਼ੁਰੂ ਹੋਵੇਗੀ ਸਕੀਮ

PPN27101416
ਜਲੰਧਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) ਕੇਂਦਰ ਸਰਕਾਰ 15 ਨਵੰਬਰ ਤੋਂ ਦੇਸ਼ ਦੇ 54 ਜ਼ਿਲਿਆਂ ਵਿਚ ਇਕ ਵਾਰ ਫਿਰ ਤੋ ਮੋਡੀਫਾਇਡ ਡਾਈਰੈਕਟ ਬੈਨੇਫਿਟ ਟ੍ਰਾਂਸਫਰ ਫਾਰ ਐਲ.ਪੀ.ਜੀ. ਸਕੀਮ (ਐਮਡੀਬੀਟੀਐਲ) ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਸਕੀਮ ਤਹਿਤ ਉਨ੍ਹਾਂ ਐਲ.ਪੀ.ਜੀ. ਉਪਭੋਗਤਾਵਾਂ ਦੇ ਖਾਤੇ ਵਿਚ ਵੀ ਸਿੱਧੀ ਸਬਸਿਡੀ ਟ੍ਰਾਂਸਫਰ ਕੀਤੀ ਜਾਵੇਗੀ ਜਿਨ੍ਹਾਂ ਦਾ ਆਧਾਰ ਕਾਰਡ ਨਹੀਂ ਬਣਿਆ ਹੈ ਅਤੇ ਬੈਂਕ ਖਾਤਾ ਵੀ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਨਹੀਂ ਜੋੜਿਆ ਗਿਆ ਹੈ। ਇਸ ਪੂਰੇ ਮਾਮਲੇ ਵਿਚ ਪੈਟਰੋਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੇਸ਼ ਭਰ ਦੇ ਇੰਡੀਅਨ ਆਇਲ ਦੇ ਅਫਸਰਾਂ ਨਾਲ ਵੀਡੀਓ ਕਾਨਫਰੈਂਸਿੰਗ ਕਰਕੇ ਸਕੀਮ ਨੂੰ ਚਾਲੂ ਕਰਨ ‘ਤੇ ਚਰਚਾ ਕੀਤੀ ਹੈ।
ਇਸ ਚਰਚਾ ਵਿਚ ਜਲੰਧਰ ਦੇ ਇੰਡੀਅਨ ਆਇਲ ਦੇ ਅਫਸਰ ਵੀ ਸ਼ਾਮਿਲ ਸਨ।ਪੈਟ੍ਰੋਲੀਅਮ ਮੰਤਰਾਲਾ ਅਗਲੇ ਹਫਤੇ ਇਸ ਪੂਰੇ ਮਾਮਲੇ ਵਿਚ ਵਿਸਥਾਰ ਸਹਿਤ ਪੂਰੀ ਜਾਣਕਾਰੀ ਲੋਕਾਂ ਸਾਹਮਣੇ ਰੱਖੇਗਾ। ਦੱਸਿਆ ਜਾ ਰਿਹਾ ਹੈ ਕਿ ਐਲ.ਪੀ.ਜੀ. ਦੀ ਸਬਸਿਡੀ ਬੈਂਕ ਖਾਤੇ ਵਿਚ ਸਿੱਧੀ ਟ੍ਰਾਂਸਫਰ ਕਰਨ ਲਈ ਇਕ ਬੈਂਕ ਮੈਂਡੇਟ ਫਾਰਮ ਜਾਰੀ ਕੀਤਾ ਜਾਵੇਗਾ, ਇਸ ਵਿਚ ਐਲ.ਪੀ.ਜੀ. ਉਪਭੋਗਤਾ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਸਾਂਝੀ ਕਰੇਗਾ ਅਤੇ ਤੇਲ ਕੰਪਨੀਆਂ ਆਧਾਰ ਕਾਰਡ ਤੋਂ ਬਿਨਾਂ ਬੈਂਕ ਖਾਤੇ ‘ਚ ਸਿੱਧੀ ਸਬਸਿਡੀ ਟ੍ਰਾਂਸਫਰ ਕਰਨਗੀਆਂ।
ਇਸ ਮੈਂਡੇਟ ਫਾਰਮ ਵਿਚ ਉਪਭੋਗਤਾ ਵਲੋਂ ਲਈ ਜਾਣ ਵਾਲੀ ਜਾਣਕਾਰੀ ਨੂੰ ਲੈ ਕੇ ਮੰਤਰਾਲੇ ਦੇ ਅਫਸਰਾਂ ਵਿਚ ਵਿਚਾਰ ਚਰਚਾ ਚੱਲ ਰਹੀ ਹੈ ਕਿਉਂਕਿ ਮੰਤਰਾਲਾ ਚਾਹੁੰਦਾ ਹੈ ਕਿ ਐਲ.ਪੀ.ਜੀ. ਉਪਭੋਗਤਾਵਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਨੂੰ ਸੁਰੱਖਿਅਤ ਰੱਖਦੇ ਹੋਏ ਇਸ ਯੋਜਨਾ ਨੂੰ ਨੇਪਰੇ ਚਾੜ੍ਹਿਆ ਜਾਵੇ। ਪਹਿਲੇ ਦੌਰ ਵਿਚ ਨਵਾਂਸ਼ਹਿਰ ਸਮੇਤ 20 ਸ਼ਹਿਰਾਂ ਦੇ ਉਪਭੋਗਤਾਵਾਂ ਨੂੰ ਇਸ ਸਕੀਮ ਤਹਿਤ ਜੋੜਿਆ ਜਾਵੇਗਾ ਜਦਕਿ ਦੂਜੇ ਦੌਰ ਵਿਚ ਜਲੰਧਰ ਸਮੇਤ 34 ਹੋਰ ਸ਼ਹਿਰ ਇਸ ਨਾਲ ਜੋੜੇ ਜਾਣਗੇ। ਹਾਲਾਂਕਿ ਮੰਤਰਾਲੇ ਨੇ ਦਸ ਨਵੰਬਰ ਤੋਂ ਇਹ ਸਬਸਿਡੀ ਸਕੀਮ ਦੋਬਾਰਾ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਹੈ ਪਰ ਜੇਕਰ ਇਸ ਵਿਚ ਥੋੜੀ ਬਹੁਤ ਦੇਰ ਹੁੰਦੀ ਵੀ ਹੈ ਤਾਂ 15 ਨਵੰਬਰ ਤਕ ਹਰ ਹਾਲ ਵਿਚ ਇਹ ਸਕੀਮ ਸ਼ੁਰੂ ਕਰ ਦਿੱਤੀ ਜਾਵੇਗੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply