Monday, December 23, 2024

ਕੇਂਦਰ ਸਰਕਾਰ ਦਾ ਖੇਤੀ ਕਾਨੂੰਨ ਰੱਦ ਕਰਨ ਪ੍ਰਤੀ ਅੜੀਅਲ ਰਵੱਈਆ ਮੰਦਭਾਗਾ – ਹਰੀ ਸਿੰਘ

ਧੂਰੀ, 28 ਦਸੰਬਰ (ਪ੍ਰਵੀਨ ਗਰਗ) – ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੰਦੇ ਹੋਏ ਖੇਤੀ ਕਾਨੂੰਨਾਂ ਪ੍ਰਤੀ ਅੜੀਅਲ ਰਵੱਈਆ ਅਪਨਾਇਆ ਜਾ ਰਿਹਾ ਹੈ।ਜੋ ਕਿ ਦੇਸ਼ ਲਈ ਮੰਦਭਾਗੀ ਗੱਲ ਹੈ ਜਿਸ ਨਾਲ ਕੇਂਦਰ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਇਸ ਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਕਿਸਾਨੀ ਸੰਘਰਸ਼ ਦੇ ਲੰਮਾਂ ਸਮਾਂ ਚੱਲਣ ਨਾਲ ਪੰਜਾਬ ਨੂੰ ਆਰਥਿਕ ਪੱਖੋਂ ਬਹੁਤ ਨੁਕਸਾਨ ਝੱਲਣਾ ਪਵੇਗਾ।
                   ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਧੂਰੀ ਦੇ ਇੰਚਾਰਜ ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੇ ਨਾਲ ਜਿਥੇ ਖੇਤੀ ਦਾ ਨੁਕਸਾਨ ਹੋਵੇਗਾ, ਉਥੇ ਹੀ ਪੰਜਾਬ ਖੇਤੀ ਸੂਬਾ ਹੋਣ ਕਰਕੇ ਵਪਾਰ ਨੂੰ ਵੀ ਵੱਡਾ ਨੁਕਸਾਨ ਹੋਵੇਗਾ ਅਤੇ ਬਜ਼ਾਰਾਂ ਵਿੱਚੋਂ ਰੌਣਕ ਵੀ ਖਤਮ ਹੋਣ ਲੱਗ ਪਈ ਹੈ।ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਸਾਰੀ ਜ਼ਿੰਦਗੀ ਇਸ ਸੰਘਰਸ਼ ਨੂੰ ਯਾਦ ਰੱਖਣਗੇ।ਇਸ ਲਈ ਹੋਰ ਜ਼ਿੰਦਗੀਆਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।ਉਹਨਾਂ ਕਿਹਾ ਕਿ ਸੂਬੇ ਦਾ ਕਿਸਾਨ ਅੰਨਦਾਤਾ ਹੋਣ ਦੇ ਨਾਲ-ਨਾਲ ਸਰਹੱਦਾਂ ਦਾ ਰਾਖਾ ਵੀ ਹੈ ਅਤੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਵੀ ਕਿਸਾਨ ਅਤੇ ਕਿਰਸਾਨੀ ਦਾ ਵੱਡਾ ਯੋਗਦਾਨ ਹੈ।
                     ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਕੁੱਝ ਕੁ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਬਜ਼ਾਏ ਕੜਾਕੇ ਦੀ ਠੰਡ ਵਿੱਚ ਧਰਨੇ ‘ਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਹੋਏ ਖੇਤੀ ਕਾਨੰੁਨ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਿਉਂ ਨਹੀਂ ਕਰਦੇ? ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਕਿਸਾਨੀ ਸੰਘਰਸ਼ ਪ੍ਰਤੀ ਦੋਗਲੀ ਨੀਤੀ ਬੰਦ ਕਰਨੀ ਚਾਹੀਦੀ ਹੈ।
                  ਜ਼ਿਕਰਯੋਗ ਹੈ ਕਿ ਹਰੀ ਸਿੰਘ ਖੁਦ ਆਪਣੇ ਸਾਥੀਆਂ ਸਮੇਤ ਦਿੱਲੀ ਟਿਕਰੀ ਬਾਰਡਰ ਦੇ ਧਰਨੇ ‘ਤੇ ਡਟੇ ਹੋਏ ਹਨ ਅਤੇ ਕਿਸਾਨਾਂ ਦੀ ਮਦਦ ਲਈ ਹਰ ਤਰਾਂ੍ਹ ਦਾ ਉਪਰਾਲਾ ਕਰਨ ਲਈ ਯਤਨਸ਼ੀਲ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …