ਕਪੂਰਥਲਾ, ਫਗਵਾੜਾ ਤੇ ਭੁਲੱਥ ਦੇ ਹਸਪਤਾਲਾਂ ਵਿੱਚ ਹੋਈ ਸ਼ੁਰੂਆਤ
ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਕਪੂਰਥਲਾ ਜਿਲ੍ਹੇ ਵਿਚ 3 ਸਥਾਨਾਂ ’ਤੇ ਅੱਜ ਕਰੋਨਾ ਵੈਕਸੀਨੇਸ਼ਨ ਦੀ
ਸ਼ੁਰੂਆਤ ਸਫਲਤਾਪੂਰਵਕ ਹੋਈ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਨਿਗਰਾਨੀ ਹੇਠ ਅੱਜ ਸਿਵਲ ਹਸਤਪਾਲ ਵਿਖੇ ਬਣਾਏ ਗਏ ਵੈਕਸੀਨੇਸ਼ਨ ਵਾਰਡ ਵਿੱਚ ਇਸ ਦੀ ਸ਼ੁਰੂਆਤ ਹੋਈ, ਜਿਸ ਤਹਿਤ ਸਟਾਫ ਨਰਸ ਬਿਮਲਾ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ।ਇਸ ਤੋਂ ਬਾਅਦ ਡਾ. ਸੁਭਰਾ ਸਿੰਘ ਵਲੋਂ ਵੈਕਸੀਨੇਸ਼ਨ ਕਰਵਾਈ ਗਈ।
ਇਸ ਤੋਂ ਇਲਾਵਾ ਸਿਵਲ ਹਸਪਤਾਲ ਫਗਵਾੜਾ ਤੇ ਸਿਵਲ ਹਸਪਤਾਲ ਭੁਲੱਥ ਵਿਖੇ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ।ਤਿੰਨਾਂ ਸਥਾਨਾਂ ’ਤੇ ਵੈਕਸੀਨੇਸ਼ਨ ਲਗਵਾਉਣ ਵਾਲੇ ਸਿਹਤ ਵਰਕਰਾਂ ਨੂੰ ਵੈਕਸੀਨੇਸ਼ਨ ਉਪਰੰਤ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ।
ਸਿਵਲ ਹਸਪਤਾਲ ਵਿਖੇ ਵਿਸ਼ੇਸ਼ ਸਿਖਲਾਈ ਪ੍ਰਾਪਤ ਟੀਮਾਂ ਵਲੋਂ ਜਿਲ੍ਹੇ ਨੂੰ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਵੈਕਸੀਨ ਲਗਾਈ ਜਾ ਰਹੀ ਹੈ।ਡਿਪਟੀ ਕਮਿਸ਼ਨਰ ਵਲੋਂ ਅੱਜ ਸਿਵਲ ਸਰਜਨ ਤੇ ਵੈਕਸੀਨੇਸ਼ਨ ਲਈ ਤਾਇਨਾਤ ਸਿਹਤ ਅਮਲੇ ਸਮੇਤ ਵੈਕਸੀਨੇਸ਼ਨ ਮੁਹਿੰਮ ਦੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਪਹਿਲੇ ਪੜਾਅ ਤਹਿਤ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ 4000 ਤੋਂ ਜਿਆਦਾ ਸਿਹਤ ਵਰਕਰਾਂ ਨੂੰ ਵੈਕਸੀਨ ਲੱਗੇਗੀ।ਜਿਸ ਤਹਿਤ ਅੱਜ ਪਹਿਲੇ ਦਿਨ ਤਿੰਨਾਂ ਹਸਪਤਾਲਾਂ ਕਪੂਰਥਲਾ, ਫਗਵਾੜਾ ਤੇ ਭੁਲੱਥ ਵਿਖੇ ਲਗਭਗ 100-100 ਸਿਹਤ ਵਰਕਰਾਂ ਨੂੰ ਵੈਕਸੀਨ ਲਾਈ ਗਈ ਹੈ।ਵੈਕਸੀਨ ਦੀ ਦੂਜੀ ਡੋਜ਼ 28 ਦਿਨ ਬਾਅਦ ਲੱਗੇਗੀ ਜਦਕਿ ਸਿਹਤ ਵਰਕਰਾਂ ਤੋਂ ਬਾਅਦ ਦੂਜੇ ਪੜਾਅ ‘ਚ ਸੁਰੱਖਿਆ ਕਰਮੀਆਂ ਨੂੰ ਵੈਕਸੀਨ ਲੱਗੇਗੀ।
ਉਨ੍ਹਾਂ ਦੱਸਿਆ ਕਿ ਵੈਕਸੀਨ ਪਿਛੋਂ ਕਿਸੇ ਵੀ ਸਿਹਤ ਵਰਕਰ ਨੂੰ ਕਿਸੇ ਕਿਸਮ ਦੇ ਗਲਤ ਪ੍ਰਭਾਵ ਨੂੰ ਰੋਕਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਵੈਕਸੀਨ ਪਿਛੋਂ 30 ਮਿੰਟ ਤੱਕ ਉਨ੍ਹਾਂ ਨੂੰ ਮੈਡੀਕਲ ਮਾਹਿਰਾਂ ਦੀ ਨਿਗਰਾਨੀ ਹੇਠ ਰੱਖਣ ਪਿਛੋਂ ਹੀ ਡਿਸਚਾਰਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਰੋਨਾ ਵੈਕਸੀਨ ਸਮੁੱਚੀ ਮਾਨਵਤਾ ਲਈ ਵਰਦਾਨ ਸਾਬਿਤ ਹੋਵੋਗੀ ਅਤੇ ਪਿਛਲੇ ਲਗਭਗ ਇਕ ਸਾਲ ਤੋਂ ਜਿਸ ਸੰਜ਼ਮ ਨਾਲ ਜਿਲ੍ਹੇ ਦੇ ਲੋਕਾਂ ਨੇ ਕਰੋਨਾ ਦਾ ਟਾਕਰਾ ਕੀਤਾ ਹੈ।ਉਸ ਲਈ ਉਹ ਜਿਲ੍ਹਾ ਵਾਸੀਆਂ ਦੇ ਧੰਨਵਾਦੀ ਹਨ ਅਤੇ ਆਸ ਜਤਾਈ ਕਿ ਵੈਕਸੀਨ ਨਾਲ ਇਸ ਮਹਾਂਮਾਰੀ ਤੋਂ ਜਲਦ ਛੁਟਕਾਰਾ ਮਿਲੇਗਾ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਵੈਕਸੀਨੇਸ਼ਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਮਿਸ਼ਨ ਨੂੰ ਫਤਹਿ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਜਿਲ੍ਹਾ ਸਿਹਤ ਅਫਸਰ ਡਾ. ਕੁਲਜੀਤ ਸਿੰਘ ਤੇ ਹੋਰ ਡਾਕਟਰ ਸਾਹਿਬਾਨ ਹਾਜ਼ਰ ਸਨ।
Punjab Post Daily Online Newspaper & Print Media