Saturday, September 21, 2024

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ‘ਚ ਲੱਗਣਗੇ ਰਿਫਰੈਸ਼ਰ ਕੋਰਸ ਤੇ ਗੁਰਮਤਿ ਕੈਂਪ- ਬੀਬੀ ਜਗੀਰ ਕੌਰ

ਅੰਮ੍ਰਿਤਸਰ, 19 ਜਨਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਮੁਲਾਜ਼ਮਾਂ ਦੇ ਨਾਲ-ਨਾਲ ਹੁਣ ਵਿਦਿਅਕ ਅਦਾਰਿਆਂ ਦੇ ਮੁਲਾਜ਼ਮਾਂ ਲਈ ਵੀ ਰਿਫਰੈਸ਼ਰ ਕੋਰਸ ਲਗਾਏ ਜਾਣਗੇ।ਧਾਰਮਿਕ ਅਧਿਆਪਕ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਇਤਿਹਾਸ ਅਤੇ ਗੁਰਬਾਣੀ ਦ੍ਰਿੜ੍ਹ ਕਰਵਾਉਣ ਤੋਂ ਇਲਾਵਾ ਵਿਦਿਅਕ ਅਦਾਰਿਆਂ ਦੇ ਸਟਾਫ਼ ਨੂੰ ਵੀ ਗੁਰਮਤਿ ਨਾਲ ਜੋੜਨਗੇ।ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਸਿੱਖਿਆ ਵੱਲੋਂ ਵਿਦਿਅਕ ਅਦਾਰਿਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
             ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅੰਦਰ ਮੁਲਾਜ਼ਮਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਉਣ ਲਈ 15 ਦਿਨਾਂ ਦੇ ਰਿਫਰੈਸ਼ਰ ਕੋਰਸ ਲਗਾਏ ਜਾ ਚੁੱਕੇ ਹਨ।ਇਸੇ ਤਹਿਤ ਹੀ ਹੁਣ ਵਿਦਿਅਕ ਅਦਾਰਿਆਂ ਅੰਦਰ ਵੀ ਇਹ ਕੋਰਸ ਜ਼ਰੂਰੀ ਕੀਤੇ ਗਏ ਹਨ।ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਵਿਦਿਅਕ ਅਦਾਰਿਆਂ ਦਾ ਇੱਕ ਮੰਤਵ ਸਿੱਖੀ ਪ੍ਰਚਾਰ ਕਰਨਾ ਵੀ ਹੈ।ਇਸੇ ਨੂੰ ਲੈ ਕੇ ਵਿਦਿਅਕ ਅਦਾਰਿਆਂ ਦੇ ਮੁਲਾਜ਼ਮਾਂ ਦੇ ਰਿਫਰੈਸ਼ਰ ਕੋਰਸ ਅਤੇ ਵਿਦਿਆਰਥੀਆਂ ਦੇ ਗੁਰਮਤਿ ਸਿਖਲਾਈ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪਹਿਲਾਂ ਦੀ ਤਰ੍ਹਾਂ ਰੋਜ਼ਾਨਾ ਧਾਰਮਿਕ ਕਲਾਸਾਂ ਵੀ ਜਾਰੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਅਕ ਅਦਾਰਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਥੇ ਸਬੰਧਤ ਗ੍ਰੰਥੀ ਤੇ ਸੇਵਾਦਾਰ ਤੋਂ ਇਲਾਵਾ ਸੰਸਥਾ ਦੇ ਸਾਰੇ ਕਰਮਚਾਰੀ ਵੀ ਰੋਜ਼ਾਨਾ ਹਾਜ਼ਰੀ ਭਰਨਗੇ।ਸਵੇਰੇ ਸ਼ਾਮ ਦੀ ਮਰਯਾਦਾ ਸਮੇਂ ਵੀ ਵੱਧ ਤੋਂ ਵੱਧ ਮੁਲਾਜ਼ਮਾਂ ਨੂੰ ਸ਼ਾਮਲ ਰਹਿਣ ਲਈ ਕਿਹਾ ਗਿਆ ਹੈ।ਇਸ ਦੇ ਨਾਲ ਹੀ ਸਵੇਰ ਸਮੇਂ ਦਾ ਹੁਕਮਨਾਮਾ ਸੰਸਥਾ ਦੇ ਢੁੱਕਵੇਂ ਸਥਾਨ ਪੁਰ ਮਰਯਾਦਾ ਸਹਿਤ ਲਿਖਣ ਦਾ ਪ੍ਰਬੰਧ ਕੀਤਾ ਜਾਵੇਗਾ।
                 ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਸ ਵੀ ਗੁਰੂ ਸਾਹਿਬਾਨ ਜਾਂ ਸ਼ਖ਼ਸੀਅਤ ਦੇ ਨਾਂ ’ਤੇ ਸਕੂਲ ਜਾਂ ਕਾਲਜ ਸਥਾਪਿਤ ਕੀਤਾ ਗਿਆ ਹੈ, ਉਸ ਸਬੰਧ ਵਿਚ ਸੰਖੇਪ ਇਤਿਹਾਸ ਦੇ ਨਾਲ-ਨਾਲ ਇਤਿਹਾਸਕ ਤਸਵੀਰਾਂ ਲਗਾਉਣੀਆਂ ਜ਼ਰੂਰੀ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਵਿਦਿਅਕ ਅਦਾਰਿਆਂ ਅੰਦਰ ਇਤਿਹਾਸਕ ਦਿਹਾੜੇ ਸੰਗਤੀ ਰੂਪ ਵਿਚ ਮਨਾਉਣ ਅਤੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਵਿਦਿਆਰਥੀਆਂ ਨੂੰ ਦਰਸ਼ਨ ਕਰਵਾਉਣ ਲਈ ਵੀ ਪ੍ਰਬੰਧ ਕੀਤਾ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਮੇਂ-ਸਮੇਂ ਸਿੱਖ ਇਤਿਹਾਸ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਗੁਰਬਾਣੀ ਕੰਠ ਮੁਕਾਬਲੇ, ਦਸਤਾਰ ਮੁਕਾਬਲੇ, ਇਤਿਹਾਸਕ ਪੇਂਟਿੰਗ ਮੁਕਾਬਲੇ, ਕਵੀਸ਼ਰੀ ਮੁਕਾਬਲੇ, ਸਿੱਖ ਪਹਿਰਾਵੇ ਸਬੰਧੀ ਮੁਕਾਬਲੇ, ਸਿੱਖ ਮਾਰਸ਼ਲ ਆਰਟ ਗਤਕਾ ਮੁਕਾਬਲੇ ਆਦਿ ਨੂੰ ਵੀ ਵਿਦਿਅਕ ਅਦਾਰਿਆਂ ਅੰਦਰ ਯਕੀਨੀ ਬਣਾਇਆ ਜਾ ਰਿਹਾ ਹੈ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …