ਘਰ ਵਿੱਚ ਲੱਗੇ ਭਾਵੇਂ ਬਾਰੀਆਂ ਨਾ ਬੂਹੇ ਸੀ,
ਵਿਹੜੇ ਵਿੱਚ ਭੱਜੇ ਫਿਰਦੇ ਕੁੱਤੇ ਬਿੱਲੇ ਚੂਹੇ ਸੀ।
ਖਾਅ ਰੁੱਖੀ ਮਿੱਸੀ ਰੋਟੀ ਹੋ ਜਾਂਦੇ ਨਿਹਾਲ ਸੀ।
ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ।
ਚੁੱਲ੍ਹੇ `ਤੇ ਸਾਡੀ ਮਾਂ ਰੋਟੀਆਂ ਪਕਾਉਂਦੀ ਸੀ,
ਪਿਆਰ ਨਾਲ ਕੋਲ ਬੈਠਾ ਕੇ ਖਵਾਉਂਦੀ ਸੀ।
ਰੋਟੀ `ਤੇ ਭਾਵੇਂ ਉਹ ਪਾਅ ਦਿੰਦੀ ਦਾਲ ਸੀ।
ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ।
ਦੁੱਧ ਦਾ ਗਲਾਸ ਰੋਜ਼ ਸਾਨੂੰ ਪਿਆਉਂਦੇ ਸੀ
ਗੁਰਦੁਆਰੇ ਜਾਣ ਤੋਂ ਨਾਗਾ ਨਾ ਪਾਉਂਦੇ ਸੀ
ਮਿਲਦਾ ਸੀ ਜੋ ਕਹਿੰਦੇ ਸਤਿ ਸ੍ਰੀ ਅਕਾਲ ਸੀ।
ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ।
ਖਾਦ ਵਾਲੇ ਤੋੜਿਆਂ ਦੇ ਬਣਦੇ ਸੀ ਬਸਤੇ,
ਪੈਸਾ ਉਦੋਂ ਕੋਲ ਨਹੀਂ ਜ਼ਮਾਨੇ ਬੜ੍ਹੇ ਸਸਤੇ।
ਸਲੇਟ `ਤੇ ਸਲੇਟੀ ਨਾਲ ਲਿਖਦੇ ਬਾ-ਕਮਾਲ ਸੀ।
ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ।
ਆਪਸੀ ਪਿਆਰ ਸੀ ਕੋਈ ਤੇਰ ਮੇਰ ਨਹੀਂ।
ਭੋਲ਼ੇ ਭਾਲ਼ੇ ਲੋਕ ਦਿਲਾਂ `ਚ ਹੇਰ ਫੇਰ ਨਹੀਂ।
ਸਭ ਕੋਲ ਖੁੱਲ੍ਹਾ ਸਮਾਂ ਕੋਈ ਨਾ ਜੰਜ਼ਾਲ ਸੀ।
ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ।
ਖ਼ੌਰੇ ਕਿਹਨੇ ਸਾਡੇ ਕੋਲੋਂ ਸੁਖ ਚੈਨ ਖੋਹ ਲਿਆ,
ਨੇੜਤਾ ਨੂੰ ਦੂਰ ਕਰ, ਫੋਨਾਂ ਸਾਨੂੰ ਮੋਹ ਲਿਆ।
`ਸੁਖਬੀਰ ਹੋਏ ਸਾਰੇ ਹਾਲੋ-ਬੇਹਾਲ ਜੀ।
ਉਸ ਵੇਲੇ ਜੀਵਨ ਬਹੁਤ ਖੁਸ਼ਹਾਲ ਸੀ।22012021
ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ (ਅੰਮ੍ਰਿਤਸਰ)।
ਮੋ – 9855512677