Thursday, November 21, 2024

ਚਟਣੀ ਵੀ ਖਾਣੀ ਹੋਗੀ ਔਖੀ (ਕਾਵਿ ਵਿਅੰਗ)

ਕੀ ਫ਼ਖਰ ਹਾਕਮਾਂ ਦਾ, ਬਣਗੇ ਇੱਕੋ ਥੈਲੀ ਦੇ ਚੱਟੇ ਵੱਟੇ
ਛੇਤੀ ਹਰੇ ਨਹੀ ਹੋਣਾਂ, ਜਿਹੜੇ ਗਏ ਇੰਨ੍ਹਾਂ ਦੇ ਚੱਟੇ
ਲੋਕ ਤੌਬਾ-ਤੌਬਾ ਕਰਦੇ ਨੇ, ਮਹਿੰਗਾਈ ਕਰਤੀ ਇੰਨ੍ਹਾਂ ਚੌਖੀ
ਤੇਰੇ ਰਾਜ `ਚ ਸਰਕਾਰ ਜੀ, ਚਟਣੀ ਵੀ ਖਾਣੀ ਹੋਗੀ ਔਖੀ।

ਆਲੂ-ਗੰਡੇ, ਟਮਾਟਰ ਜੀ, ਸਭ ਪੰਜਾਹ ਦੇ ਉਪਰ ਚੱਲੇ
ਲ਼ੱਕ ਟੁੱਟਗੇ ਜਨਤਾ ਦੇ, ਰਿਹਾ ਖੋਟਾ ਪੈਸਾ ਵੀ ਨਾ ਪੱਲੇ
ਭਿੰਡੀ-ਤੋਰੀ, ਅਰਬੀ ਜੀ, ਸੱਠ ਰੁਪੱਈਏ ਕੱਦੂ-ਲੌਕੀ
ਤੇਰੇ ਰਾਜ `ਚ ਸਰਕਾਰ ਜੀ, ਚਟਣੀ ਵੀ ਖਾਣੀ ਹੋਗੀ ਔਖੀ।

ਪਹਿਲਾਂ ਨੋਟਬੰਦੀ ਮਾਰ ਗਈ, ਕਾਲਾ ਧਨ ਨਸ਼ਰ ਨਾ ਹੋਇਆ
ਨਾਂਅ ਤੇਰਾ ਲੈ ਕੇ ਬੱਚਾ-ਬੁੱਢਾ, ਭੁੱਬਾਂ ਮਾਰ-ਮਾਰ ਕੇ ਰੋਇਆ
ਨਵੇਂ ਸਿਆਪੇ ਆ ਖੜਦੇ, ਪਲ-ਪਲ ਜ਼ਿੰਦਗੀ ਕੱਟਣੀ ਔਖੀ
ਤੇਰੇ ਰਾਜ `ਚ ਸਰਕਾਰ ਜੀ, ਚਟਣੀ ਵੀ ਖਾਣੀ ਹੋਗੀ ਔਖੀ।

ਬਲਾਤਕਾਰਾਂ, ਤੇਜ਼ਾਬ ਕਾਂਡਾਂ, ਚਿੱਟੇ ਦਿਨ ਧੀਆਂ-ਭੈਣਾਂ ਨੂੰ ਖਾ ਲਿਆ
ਕਰਜ਼ਿਆਂ ਝੰਬੇ ਅੰਨਦਾਤੇ, ਆਖਰ ਫਾਹਾ ਗਲ ਵਿੱਚ ਪਾ ਲਿਆ
ਹੁਕਮਰਾਨ ਤੇਰੇ ਹੁਕਮਾਂ ‘ਤੇ, ਨਿੱਤ ਕਾਨੂੰਨ ਨਵੇਂ ਜਾਣ ਠੋਕੀ
ਤੇਰੇ ਰਾਜ `ਚ ਸਰਕਾਰ ਜੀ, ਚਟਣੀ ਵੀ ਖਾਣੀ ਹੋਗੀ ਔਖੀ।

ਬਿੱਲ ਲਾਗੂ ਕਰਨੇ ਸੀ, ਕੋਰੋਨਾ ਸਿਰ ਚੜ੍ਹ-ਚੜ੍ਹ ਕੇ ਬੋਲੇ
ਸਿੱਖਿਆ ਕੇਂਦਰ ਬੰਦ ਹੋਏ, ਨੰਨ੍ਹੇ-ਮੁੰਨ੍ਹੇ ਪਏ ਮੋਬਾਈਲੀਂ ਰੋਲੇ
ਅੰਨਦਾਤਾ ਸੂਲੀ ਚਾੜ ਦਿੱਤਾ, ਜਵਾਨੀ ਪਈ ਭੱਠੀ ਵਿੱਚ ਝੋਕੀ
ਤੇਰੇ ਰਾਜ `ਚ ਸਰਕਾਰ ਜੀ, ਚਟਣੀ ਵੀ ਖਾਣੀ ਹੋਗੀ ਔਖੀ।

ਠੇਕੇ ਖੁੱਲ੍ਹੇ ਰਹਿਣ ਸ਼ਰਾਬਾਂ ਦੇ, ਨਾਂ ਉਥੇ ਸੈਨੀਟਾਈਜ਼ਰ ਨਾਂ ਮਾਸਕ ਚੱਲੇ
ਕਿਰਤੀ ਜੋ ਅਰਸ਼ ‘ਤੇ ਬੈਠਾ ਸੀ, ਮੂਧੇ ਮੂੰਹ ਡਿੱਗ ਪਿਆ ਥੱਲੇ
ਰਾਹ ਰੁਕੇ ਤਰੱਕੀਆਂ ਦੇ, ਬੈਠੇ ਕੁਰਸੀਆਂ ਨੂੰ ਤੁਸੀਂ ਰੋਕੀ
ਤੇਰੇ ਰਾਜ `ਚ ਸਰਕਾਰ ਜੀ, ਚਟਣੀ ਵੀ ਖਾਣੀ ਹੋਗੀ ਔਖੀ। 22012021

ਡਾ. ਸਾਧੂ ਰਾਮ ਲੰਗੇਆਣਾ,
ਪਿੰਡ ਲੰਗੇਆਣਾ ਕਲਾਂ, ਜਿਲ੍ਹਾ ਮੋਗਾ।
ਮੋ – 9878117285

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …