Friday, November 22, 2024

ਦਮਦਮੀ ਟਕਸਾਲ ਵਲੋਂ ਦਿੱਲੀ ਰਵਾਨਾ ਹੋਵੇਗਾ ਵੱਡਾ ਕਾਫ਼ਲਾ – ਬਾਬਾ ਹਰਨਾਮ ਸਿੰਘ ਖ਼ਾਲਸਾ

ਕਿਸਾਨ ਮੋਰਚੇ ਨੂੰ ਹਮਾਇਤ ਦੇਣ ਲਈ 5 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ

ਮਹਿਤਾ ਚੌਕ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਸਾਨ ਮੋਰਚੇ ਨੂੰ ਹਮਾਇਤ ਦੇਣ ਲਈ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ।ਜਥਾ ਦਮਦਮੀ ਟਕਸਾਲ ਦੇ ਹੈਡ ਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਤੋਂ 5 ਫਰਵਰੀ ਨੂੰ ਕਿਸਾਨ ਮਾਰਚ ਦੇ ਰੂਪ ਵਿਚ ਇੱਕ ਵੱਡਾ ਕਾਫ਼ਲਾ ਦਿੱਲੀ ਰਵਾਨਾ ਹੋਇਆ ਜਾਵੇਗਾ।
                   ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਮੋਦੀ ਸਰਕਾਰ ਦਾ ਕਿਸਾਨਾਂ ਪ੍ਰਤੀ ਵਰਤਾਰਾ ਤੇ ਵਿਤਕਰੇਬਾਜ਼ੀ ਅਤਿ ਨਿਰਾਸ਼ਾਜਨਕ ਹੈ।ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਪ੍ਰਤੀ ਕਿਸਾਨਾਂ ਦੀ ਮੰਗ `ਤੇ ਕੇਂਦਰ ਸਰਕਾਰ ਵੱਲੋਂ ਸਾਰਥਿਕ ਹੁੰਗਾਰਾ ਨਹੀਂ ਭਰਿਆ ਜਾ ਰਿਹਾ।ਸਰਕਾਰ ਕਿਸਾਨਾਂ ਨਾਲੋਂ ਪੂਰੀ ਤਰਾਂ ਮੂੰਹ ਮੋੜ ਚੁੱਕੀ ਹੈ।ਬਜ਼ਟ ਗ਼ਰੀਬ ਅਤੇ ਕਿਸਾਨ ਵਿਰੋਧੀ ਹੀ ਨਹੀਂ ਲੋਕ ਵਿਰੋਧੀ ਵੀ ਹੈ।ਸਰਕਾਰ ਨੇ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਹੋਣ ਦਾ ਕੋਈ ਭਰਮ ਨਹੀਂ ਰਹਿਣ ਦਿੱਤਾ।ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਕਰੋੜਾਂ ਅਰਬਾਂ ਦਾ ਕਰਜ਼ਾ ਮੁਆਫ਼ ਹੋ ਸਕਦਾ ਹੈ ਤਾਂ ਕਿਸਾਨੀ ਕਰਜ਼ਾ ਕਿਊ ਮੁਆਫ਼ ਨਹੀਂ ਹੁੰਦਾ?।ਉਨ੍ਹਾਂ ਕਿਹਾ ਕਿ ਇਹ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ ਅਤੇ ਸਰਕਾਰ ਨੂੰ ਕਾਨੇ ਕਾਨੂੰਨ ਵਾਪਸ ਲੈਣਾ ਹੀ ਪਵੇਗਾ।ਉਨ੍ਹਾਂ ਸਮੂਹ ਜਨਤਾ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ।ਕਿਸਾਨ ਮੋਰਚਿਆਂ ਤੋਂ ਦਿੱਲੀ ਜਾਣ ਵਾਲੀਆਂ ਸੜਕਾਂ ‘ਤੇ ਕੰਕਰੀਟ ਦੀਆਂ ਕੰਧਾਂ ਉਸਾਰਨ ਅਤੇ ਰਸਤਿਆਂ `ਚ ਲੋਹੇ ਦੇ ਕਿੱਲ ਲਗਾਏ ਜਾਣ `ਤੇ ਰੋਸ ਪ੍ਰਗਟ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹੁਣ ਮੋਦੀ ਸਰਕਾਰ ਨੇ ਕਿਸਾਨਾਂ ਤੋਂ ਦੇਸ਼ ਦੀ ਨਾਗਰਿਕਤਾ ਵੀ ਖੋਹ ਲਈ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …