ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਹੋ ਰਹੇ ਤਸ਼ਦੱਦ ਅਤੇ ਧੱਕੇਸ਼ਾਹੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ
ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕਿਸਾਨਾਂ ਵਲੋਂ ਤਿੰਨ ਕਾਨੂੰਨਾਂ ਦੀ ਵਾਪਸੀ ਲਈ ਅਰੰਭੇ ਸੰਘਰਸ਼ ਨੂੰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਭੰਗ ਕਰਨ, ਤਾਰਪੀਡੋ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾ ਰਹੇ ਹਨ।ਉਹ ਕਦੀ ਕਿਸਾਨਾਂ ਨੂੰ ਨੋਟਿਸ ਜਾਰੀ ਕਰਦੀ ਹੈ, ਕਿਧਰੇ ਨਾਜਾਇਜ਼ ਗ੍ਰਿਫਤਾਰੀਆਂ ਕਰ ਰਹੀ ਹੈ।ਕਦੀ ਬਿਜਲੀ ਪਾਣੀ ਕੱਟ ਰਹੀ ਹੈ।ਕਿਧਰੇ ਚੁਫੇਰੇ ਕਿਲੇ੍ਹ ਰੂਪੀ ਭਾਰੀਆਂ ਸੀਲਿੰਗ ਦੀਵਾਰਾਂ ਕਰ ਰਹੀ ਹੈ।ਲੰਗਰਾਂ ਦੀ ਸੇਵਾ ਕਰਨ ਵਾਲੇ ਸੇਵਕਾਂ ‘ਤੇ ਹਮਲੇ ਕਰਵਾਏ ਜਾ ਰਹੇ ਹਨ।ਫੋਰਸਾਂ ਰਾਹੀਂ ਕਿਸਾਨਾਂ ਨੂੰ ਉਕਸਾਉਣ ਲਈ ਕੁੱਟਿਆ, ਮਾਰਿਆ ਅਤੇ ਹਮਲੇ ਕੀਤੇ ਜਾ ਰਹੇ ਹਨ।ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ, ਟਵਿਟਰ ਐਕਾਉਂਟ ਸੀਲ ਕੀਤਾ ਗਿਆ ਹੈ।ਇਹ ਸਰਕਾਰ ਦੀ ਕਮਜ਼ੋਰ ਦਿਲੀ ਤੇ ਡਰਪੋਕਪੁਣੇ ਦੀ ਨਿਸ਼ਾਨੀ ਹੈ।ਸਾਂਤਮਈ ਪ੍ਰਦਰਸ਼ਨ ਆਪਣੇ ਹੱਕਾਂ ਲਈ ਹਰ ਨਾਗਰਿਕ ਨੂੰ ਕਰਨ ਦਾ ਅਧਿਕਾਰ ਹੈ।ਜੇ ਜ਼ਬਰ ਬੰਦ ਨਾ ਹੋਇਆ ਤਾਂ ਵਿਦਰੋਹ ਹੋਰ ਤਾਕਤਵਰ ਤੇ ਮਜ਼ਬੂਤ ਹੋਵੇਗਾ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਕਰਦੀਆਂ ਹਨ, ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ, ਇਸ ਮਸਲੇ ਦਾ ਸਾਂਤਮਈ ਹੱਲ ਨਿਕਲੇ, ਕਿਸਾਨਾਂ ਨਾਲ ਬੇਇਨਸਾਫੀ ਨਿਹੰਗ ਸਿੰਘ ਦਲ ਪੰਥ ਬਿਲਕੁੱਲ ਬਰਦਾਸ਼ਤ ਨਹੀਂ ਕਰਨਗੇ।ਪਹਿਲਾਂ ਵਾਪਰੀਆਂ ਘਟਨਾਵਾਂ ਤੋਂ ਸਰਕਾਰ ਨੂੰ ਸਬਕ ਲੈਣ ਦੀ ਲੋੜ ਹੈ।ਉਨ੍ਹਾਂ ਕਿਹਾ ਸਰਕਾਰ ਦੇ ਨਿਰਦੇਸ਼ਾਂ ਤੇ ਪੁਲਿਸ ਨੌਜਵਾਨਾਂ ਅਤੇ ਕਿਸਾਨਾਂ ਨੂੰ ਚੁੱਕ ਕੇ ਲਾਪਤਾ ਕਰ ਰਹੀ ਹੈ ਤੇ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ।ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ।ਤਿਰੰਗੇ ਦੀ ਨਿਰਾਦਰੀ ਦੇ ਦੋਸ਼ ਲਾ ਕੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਤਿਰੰਗੇ ਦੀ ਕਿਸੇ ਨੇ ਵੀ ਨਿਰਾਦਰੀ ਨਹੀਂ ਕੀਤੀ।ਤਿਰੰਗਾ ਸਭਨਾ ਲਈ ਸਤਿਕਾਰਤ ਹੈ। ਤਿਰੰਗਾ ਕੇਵਲ ਭਾਜਪਾ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੈ।ਕੇਸਰੀ, ਨਿਲੰਬਰੀ ਨਿਸ਼ਾਨ ਸਿੱਖਾਂ ਦੇ ਗੁਰੂਘਰਾਂ ਦੇ ਪਰਚਮ ਹਨ।ਇਸ ਤੋਂ ਏਨਾ ਭੈਭੀਤ ਹੋਣ ਵਾਲੀ ਕਿਹੜੀ ਗੱਲ ਹੈ, ਇਸ ਮਾਮਲੇ ਨੂੰ ਹਾਊਆ ਬਣਾ ਕੇ ਕਿਸਾਨਾਂ ਵਿਰੁੱਧ ਜੋਰਦਾਰ ਤਰੀਕੇ ਨਾਲ ਸਰਕਾਰੀ ਪੱਧਰ ‘ਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।ਗੱਲਬਾਤ ਦੇ ਦਰਵਾਜੇ ਬੰਦ ਕਰਕੇ ਰਾਜਨੀਤਕ ਖੇਡਾਂ ਖੇਡਣੀਆਂ ਜਾਇਜ਼ ਨਹੀਂ।ਉਨ੍ਹਾਂ ਕਿਹਾ ਕਿ ਗ੍ਰਿਫਤਾਰ ਨੌਜਵਾਨ ਤੁਰੰਤ ਬਿਨਾਂ ਸ਼ਰਤ ਰਿਹਾ ਕੀਤੇ ਜਾਣ ਅਤੇ ਕਿਸਾਨੀ ਮੰਗਾਂ ਪੂਰੀਆਂ ਕਰਨ ਲਈ ਸਰਕਾਰ ਪਹਿਲ ਕਦਮੀ ਕਰੇ।ਉਨ੍ਹਾਂ ਕਿਹਾ ਕਿਸਾਨਾਂ ਨੂੰ ਦਿੱਲੀ ਪੁੱਜਣ ਤੋਂ ਰੋਕਣ ਲਈ ਦਿੱਲੀ ਨੂੰ ਆਉਣ ਵਾਲੇ ਮਾਰਗਾਂ ‘ਤੇ ਤਿੱਖੇ ਲੋਹੇ ਦੇ ਕਿੱਲਾਂ ਦੇ ਜਾਲ ਵਿਛਾਉਣੇ, ਅੰਦੋਲਨ ਵਾਲੇ ਸਥਾਨਾਂ ਤੇ ਕੰਕਰੀਟ ਦੀਆਂ ਕੰਧਾਂ ਬਣਾਉਣੀਆਂ, ਕੰਡਿਆਲੀਆਂ ਤਾਰਾਂ ਨਾਲ ਜਬਰਦਸਤ ਬੈਰੀਕੇਡਿੰਗ ਕਰਨੀ ਬੇਹੱਦ ਨਿੰਦਣਯੋਗ ਹੈ, ਜੋ ਸਰਕਾਰ ਲਈ ਮਾਰੂ ਸਾਬਤ ਹੋਵੇਗਾ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media