Thursday, November 12, 2026

ਕੌਂਸਲ ਚੋਣਾਂ ਦੌਰਾਨ ਆਪ ਆਗੂ ਸੰਦੀਪ ਸਿੰਗਲਾ ‘ਤੇ ਹਮਲਾ

ਧੂਰੀ, 14 ਫਰਵਰੀ (ਪ੍ਰਵੀਨ ਗਰਗ) – ਧੂਰੀ ਸ਼ਹਿਰ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ ਪ੍ਰਸ਼ਾਸਨ ਵੱਲੋਂ ਚੋਣਾਂ ਪੁਰੀ ਤਰਾਂ੍ਹ ਅਮਨ-ਅਮਾਨ ਨਾਲ ਨੇਪਰੇ ਚਾੜਣ ਦੇ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋ ਕੇ ਰਹਿ ਗਏ, ਜਦੋਂ ਅੱਜ ਧੂਰੀ ਵਿਖੇ ਕੁੱਝ ਵਿਅਕਤੀਆਂ ਵੱਲੋਂ ਵਾਰਡ ਨੰਬਰ 1 ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਅਤੇ ਉਸ ਦੇ ਇੱਕ ਸਾਥੀ ਗੌਰਵ ਬਾਂਸਲ ਪਿੰਚੂ ਦੀ ਕੁੱਟਮਾਰ ਕੀਤੀ ਗਈ।ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਧੂਰੀ ਵਿਖੇ ਲਿਜਾਇਆ ਗਿਆ ਹੈ।
                  ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾਂ ਨੇ ਇਸ ਘਟਨਾ ਨੂੰ ਲੋਕਤੰਤਰ ਦੇ ਇਤਿਹਾਸ ਵਿੱਚ ਕਾਲਾ ਦਿਨ ਦੱਸਦਿਆਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਆਪਣੀ ਬੌਖਲਾਹਟ ਦਾ ਸਬੂਤ ਦੇ ਰਹੀ ਹੈ ਅਤੇ ਧੱਕੇ ਨਾਲ ਸੂਬੇ ਦੀਆਂ ਨਗਰ ਕੌਂਸਲਾਂ ‘ਤੇ ਕਬਜ਼ਾ ਕਰਨ ਲਈ ਮਾਹੌਲ ਖਰਾਬ ਕਰਨ ਵਾਲੇ ਹਥਕੰਡੇ ਅਪਣਾ ਰਹੀ ਹੈ।ਸਿਵਲ ਹਸਪਤਾਲ ਧੂਰੀ ਵਿੱਚ ਜੇਰੇ ਇਲਾਜ਼ ਸੰਦੀਪ ਸਿੰਗਲਾ ਨੇ ਸੱਤਾਧਾਰੀ ਧਿਰ ਦੇ ਵਿਧਾਇਕ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨਾਂ ‘ਤੇ ਨਗਰ ਕੌਂਸਲ ਚੋਣਾਂ ਦੌਰਾਨ ਹੋਇਆ ਇਹ ਹਮਲਾ ਹਲਕਾ ਵਿਧਾਇਕ ਦੀ ਸ਼ਹਿ ‘ਤੇ ਕਰਵਾਇਆ ਗਿਆ ਹੈ।ਆਪ ਆਗੂ ਨੇ ਕਿਹਾ ਕਿ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਸਾਥੀ ਗੌਰਵ ਬਾਂਸਲ ਦੇ ਸਿਰ ‘ਤੇ ਡੂੰਘੀਆਂ ਸੱਟਾਂ ਵੱਜੀਆਂ ਹਨ।
                      ਹਸਪਤਾਲ ਵਿੱਚ ਪਹੁੰਚੇ ਆਮ ਆਦਮੀ ਪਾਰਟੀ ਦੇ ਜ਼ਿਲਾ੍ਹ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ, ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਰਾਜਵੰਤ ਸਿੰਘ ਘੁੱਲੀ, ਐਸ.ਐਸ ਚੱਠਾ ਆਦਿ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ ਘਟਨਾ ਨੂੰ ਲੋਕਤੰਤਰ ਦਾ ਘਾਣ ਦੱਸਿਆ।
                  ਇਸ ਸਬੰਧੀ ਡੀ.ਐਸ.ਪੀ ਧੂਰੀ ਬੂਟਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਾਮਲੇ ‘ਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਐਸ.ਡੀ.ਐਮ ਧੂਰੀ ਲਤੀਫ ਅਹਿਮਦ ਨੇ ਕਿਹਾ ਕਿ ਉਹਨਾਂ ਪਾਸ ਕੋਈ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ ਅਤੇ ਸ਼ਿਕਾਇਤ ਮਿਲਣ ‘ਤੇ ਇਸ ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਕਰਵਾਈ ਜਾਵੇਗੀ।
                  ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਭੜਕੇ ਆਮ ਆਦਮੀ ਪਾਰਟੀ ਦੇ ਆਗੂ ਐਸ.ਐਸ ਚੱਠਾ., ਰਾਜਵੰਤ ਸਿੰਘ ਘੁੱਲੀ, ਅਨਿਲ ਮਿੱਤਲ, ਨਰੇਸ਼ ਸਿੰਗਲਾ, ਯਸ਼ਪਾਲ, ਮਾ. ਰਮੇਸ਼ ਸ਼ਰਮਾ, ਦਿਆਲ ਨੰਦਾ, ਕੁਲਵੰਤ ਰਾਏ ਪੱਪੂ, ਜਸਵਿੰਦਰ ਸਿੰਘ ਰਿਖੀ ਆਦਿ ਨੇ ਥਾਣਾ ਸਿਟੀ ਧੂਰੀ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਹਲਕਾ ਵਿਧਾਇਕ, ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ।ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …