ਸਿੰਘ ਸਾਹਿਬ ਤੇ ਸਿੱਖ ਚਿੰਤਕ ਰਚਾਉਣਗੇੇ ਸੰਵਾਦ
ਅੰਮ੍ਰਿਤਸਰ, 1 ਮਾਰਚ (ਖੁਰਮਣੀਆਂ) – ਸੰਸਾਰ ਭਰ ਵਿਚ ਸ਼ਰਧਾ-ਭਾਵਨਾ ਨਾਲ ਮਨਾਏ ਜਾ ਰਹੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼
ਪੁਰਬ ਦੀ ਲੜੀ ਤਹਿਤ ਖ਼ਾਲਸਾ ਕਾਲਜ ਵਿਖੇ ਗੁਰੂ ਸਾਹਿਬ ਦੀ ਬਾਣੀ ਤੇ ਸ਼ਹਾਦਤ ਦੇ ਗੌਰਵ ’ਤੇ ਗੰਭੀਰ ਚਿੰਤਨ ਕਰਨ ਲਈ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।
‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਵਿਸ਼ੇ ’ਤੇ ਕਰਵਾਏ ਜਾ ਰਹੇ ਇਸ ਸੈਮੀਨਾਰ ਸੰਬੰਧੀ ਇਕ ਵਿਸ਼ੇਸ਼ ਬੈਠਕ ਅੱਜ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਅਧਿਐਨ ਵਿਭਾਗ ਵਿਚ ਹੋਈ ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤੀ।ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵਰਗੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ।ਉਨ੍ਹਾਂ ਦੀ ਬਾਣੀ ਮਨੁੱਖਤਾ ਦੀ ਭਲਾਈ ਤੇ ਚੜ੍ਹਦੀ ਕਲਾ ਲਈ ਪ੍ਰੇਰਿਤ ਕਰਦੀ ਹੈ। ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀ ਬਾਣੀ ਤੇ ਸ਼ਹਾਦਤ ਦੇ ਗੌਰਵ ਦੇ ਚਿੰਤਨੀ ਨੁਕਤੇ ਵਿਦਿਆਰਥੀਆਂ, ਖੋਜਾਰਥੀਆਂ ਤੇ ਸਮੂਹ ਸਿੱਖ ਸਮਾਜ ਵਿਚ ਲੈ ਜਾਣ ਲਈ ਇਹ ਸੈਮੀਨਾਰ ਉਲੀਕਿਆ ਗਿਆ ਹੈ।ਸਿੱਖ ਚਿੰਤਕਾਂ ਤੇ ਵਿਦਵਾਨਾਂ ਨੇ ਇਸ ਵਿਸ਼ੇ ’ਤੇ ਮੁੱਲਵਾਨ ਖੋਜ਼ਾਂ ‘ਤੇ ਅਧਿਐਨ ਕੀਤਾ ਹੈ, ਇਹ ਸੈਮੀਨਾਰ ਉਸ ਚਿੰਤਨ ਬਾਰੇ ਸੰਵਾਦ ਤੋਰਨ ਵਿਚ ਵੱਡੀ ਭੂਮਿਕਾ ਨਿਭਾਏਗਾ।
ਸੈਮੀਨਾਰ ਦੀ ਤਿਆਰੀ ਸੰਬੰਧੀ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਨੇ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਉਤਸਵ ਤੇ ਪੁਸਤਕ ਮੇਲਾ 2021 ਦੇ ਦੂਸਰੇ ਅਤੇ ਤੀਸਰੇ ਦਿਨ 3 ਤੇ 4 ਮਾਰਚ ਨੂੰ ਹੋ ਰਹੇ ਇਸ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਮੁੱਖ ਮਹਿਮਾਨ ਵਜੋਂ ਪਧਾਰਨਗੇ।ਸੈਮੀਨਾਰ ਦੇ ਪਹਿਲੇ ਸੈਸ਼ਨ ਦਾ ਕੁੰਜੀਵਤ ਭਾਸ਼ਣ ਉੱਘੇ ਸਿੱਖ ਚਿੰਤਕ ਅਮਰੀਜਤ ਸਿੰਘ ਗਰੇਵਾਲ ਦੇਣਗੇ, ਜਦ ਕਿ ਪ੍ਰਧਾਨਗੀ ਭਾਸ਼ਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ ਸਿੰਘ ਦੇਣਗੇ।ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਪ੍ਰੋ. ਰਾਨਾ ਨਈਅਰ ਸ਼ਾਮਲ ਹੋਣਗੇ, ਜਦਕਿ ਧੰਨਵਾਦੀ ਸ਼ਬਦ ਪ੍ਰਿੰਸੀਪਲ ਡਾ. ਮਹਿਲ ਸਿੰਘ ਕਹਿਣਗੇ।
ਦੂਜੇ ਅਕਾਦਮਿਕ ਸੈਸ਼ਨ ਵਿਚ ਡਾ. ਰਮਿੰਦਰ ਕੌਰ ਪ੍ਰਧਾਨਗੀ ਕਰਨਗੇ।ਮੁੱਖ ਮਹਿਮਾਨ ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਵਰਿੰਦਰ ਵਾਲੀਆ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਮਨਜੀਤ ਸਿੰਘ ਪਹੁੰਚਣਗੇ।ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਨਪ੍ਰੀਤ ਸਿੰਘ, ਪ੍ਰੋ. ਕੰਵਲਜੀਤ ਸਿੰਘ ਖੋਜ-ਪੱਤਰ ਪੇਸ਼ ਕਰਨਗੇ।ਤੀਜੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਜਸਪਾਲ ਕੌਰ ਕਾਂਗ ਕਰਨਗੇ, ਜਦਕਿ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਅੰਗਰਿਸ਼ ਮੁੱਖ ਮਹਿਮਾਨ ਹੋਣਗੇ।ਵਿਸ਼ੇਸ਼ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਅਮਰਜੀਤ ਸਿੰਘ ਪਹੁੰਚਣਗੇ।ਡਾ. ਜਗਜੀਵਨ ਸਿੰਘ, ਡਾ. ਸਰਬਜੀਤ ਸਿੰਘ ਤੇ ਡਾ. ਰਮਨਪ੍ਰੀਤ ਕੌਰ ਖੋਜ਼ ਪੱਤਰ ਪੇਸ਼ ਕਰਨਗੇ ਤੇ ਵਿਚਾਰ-ਚਰਚਾ ਵਿੱਚ ਹਿੱਸਾ ਲੈਣਗੇ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਦੋ ਪੁਸਤਕਾਂ ‘ਸ੍ਰੀ ਗੁਰੂ ਤੇਗ ਬਹਾਦਰ: ਬਾਣੀ ਤੇ ਸ਼ਹਾਦਤ ਦਾ ਗੌਰਵ’ ਅਤੇ ‘ਸ੍ਰੀ ਗੁਰੂ ਤੇਗ ਬਹਾਦਰ: ਜੀਵਨ ਫ਼ਲਸਫ਼ਾ ਤੇ ਸ਼ਹਾਦਤ’ ਰਿਲੀਜ਼ ਕੀਤੀਆਂ ਜਾਣਗੀਆਂ, ਜਿਸ ਵਿਚ ਦੁਨੀਆਂ ਭਰ ਦੇ ਵਿਦਵਾਨਾਂ ਨੇ ਗੁਰੂ ਸਾਹਿਬ ਦੀ ਬਾਣੀ, ਸ਼ਹਾਦਤ ਤੇ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ ਡੂੰਘੇ ਅਧਿਐਨ ਤੇ ਚਿੰਤਨ ਨਾਲ ਭਰਪੂਰ ਲੇਖ ਲਿਖੇ ਹਨ।ਇਸ ਦੇ ਨਾਲ ਹੀ ਯੂ.ਜੀ.ਸੀ ਤੋਂ ਮਾਨਤਾ ਪ੍ਰਾਪਤ ਪੰਜਾਬੀ ਵਿਭਾਗ ਦੇ ਖੋਜ਼ ਰਸਾਲੇ ਸੰਵਾਦ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਦੋ ਨਵੇਂ ਅੰਕ ਵੀ ਰਿਲੀਜ਼ ਕੀਤੇ ਜਾਣਗੇ।
ਇਸ ਮੌਕੇ ’ਤੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਮੈਡਮ ਸੁਖਮੀਨ ਬੇਦੀ, ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਅਤੇ ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਵੀ ਹਾਜਰ ਸਨ।
Punjab Post Daily Online Newspaper & Print Media